ਚੌਲ ਬਰੋਕਰ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਬੰਬੀਹਾ ਗਰੁੱਪ ਦੇ 2 ਮੈਂਬਰ ਕਾਬੂ

10/09/2020 12:31:39 AM

ਮੋਗਾ, (ਆਜ਼ਾਦ)- ਮੋਗਾ ਪੁਲਸ ਨੇ ਪੁਰਾਣੀ ਦਾਣਾ ਮੰਡੀ ਵਿਚ ਚੌਲ ਬਰੋਕਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ਾਮਲ ਗੈਂਗਸਟਰ ਬੰਬੀਹਾ ਗਰੁੱਪ ਦੇ 2 ਮੈਂਬਰਾਂ ਅਜੇ ਕੁਮਾਰ ਉਰਫ ਮਨੀ ਨਿਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਸਿੰਘ ਭਿੰਡਰ ਨਿਵਾਸੀ ਪਿੰਡ ਭਿੰਡਰ ਕਲਾਂ ਹਾਲ ਚੱਕੀ ਵਾਲੀ ਗਲੀ ਮੋਗਾ, ਜੋ ਡੇਢ ਦਰਜ਼ਨ ਦੇ ਕਰੀਬ ਲੁੱਟ-ਖੋਹ ਅਤੇ ਹੋਰ ਕਈ ਮਾਮਲਿਆਂ ’ਚ ਸ਼ਾਮਲ ਹਨ ਅਤੇ ਉਨ੍ਹਾਂ ਖਿਲਾਫ 18 ਦੇ ਕਰੀਬ ਮਾਮਲੇ ਦਰਜ ਹਨ, ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਕਤ ਗਿਰੋਹ ਦੇ 6 ਮੈਂਬਰ ਪਹਿਲਾਂ ਹੀ ਪੁਲਸ ਵਲੋਂ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ, ਜਦਕਿ ਹਰਮਨਜੀਤ ਸਿੰਘ ਉਰਫ ਹਰਮਨ ਨਿਵਾਸੀ ਪਿੰਡ ਚੀਮਾ (ਤਰਨਤਾਰਨ) ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਗੈਂਗਸਟਰ ਗਿਰੋਹ ਦੇ ਉਕਤ ਦੋਵਾਂ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ 32 ਬੋਰ ਦੇਸੀ ਪਿਸਤੌਲ, ਇਕ 30 ਬੋਰ ਦਾ ਪਿਸਤੌਲ, ਨਸ਼ੇ ਵਾਲੀਆਂ ਗੋਲੀਆਂ ਅਤੇ 9 ਕਾਰਤੂਸ ਬਰਾਮਦ ਕੀਤੇ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਵੀ ਚੋਰੀ ਦਾ ਹੈ। ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਨੂੰ ਕਈ ਨਾਮੀ ਗੈਂਗਸਟਰ, ਜੋ ਵਿਦੇਸ਼ਾਂ ਵਿਚ ਬੈਠੇ ਹਨ, ਉਹ ਚਲਾ ਰਹੇ ਹਨ ਅਤੇ ਉਥੋਂ ਉਹ ਵੱਖ-ਵੱਖ ਵਪਾਰੀਆਂ, ਕਾਰੋਬਾਰੀਆਂ ਨੂੰ ਮੋਬਾਇਲ ਫੋਨ ’ਤੇ ਧਮਕੀਆਂ ਦੇ ਕੇ ਲੱਖਾਂ ਰੁਪਏ ਫਿਰੌਤੀ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਗਿਰੋਹ ਵਲੋਂ ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ ਅਤੇ ਜਗਰਾਓਂ ਜ਼ਿਲਿਆਂ ਤੋਂ ਇਲਾਵਾ ਹਰਿਆਣਾ ਅਤੇ ਹੋਰ ਪ੍ਰਦੇਸ਼ਾਂ ਵਿਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


Bharat Thapa

Content Editor

Related News