ਸ਼ੱਕ ਦੇ ਆਧਾਰ ''ਤੇ ਰੋਕੀ ਕਾਰ ''ਚੋਂ ਪੁਲਸ ਨੇ ਬਰਾਮਦ ਕੀਤੀ 90 ਲੱਖ ਦੀ ਹੈਰੋਇਨ, ਦੋ ਤਸਕਰ ਵੀ ਕੀਤੇ ਕਾਬੂ
Tuesday, Sep 05, 2017 - 07:12 PM (IST)

ਲੁਧਿਆਣਾ(ਅਨਿਲ)— ਪੁਲਸ ਕਮਿਸ਼ਨਰ ਲੁਧਿਆਣਾ ਅਤੇ ਏ. ਡੀ. ਸੀ. ਪੀ 3 ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ ਥਾਣਾ ਲਾਡੋਵਾਲ ਦੀ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਬੀਤੀ ਰਾਤ ਨੂੰ ਹੰਬੜਾਂ ਚੌਂਕੀ ਪੁਲਸ ਨੇ ਨੌਜਵਾਨਾਂ ਨੂੰ 90 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ. ਡੀ. ਸੀ. ਪੀ 3 ਸੁਰਿੰਦਰ ਲਾਂਬਾ, ਏ. ਸੀ. ਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਲਾਡੋਵਾਲ ਦੇ ਅਧੀਂਨ ਆਉਂਦੀ ਪੁਲਸ ਚੌਂਕੀ ਹੰਬੜਾਂ ਦੇ ਇੰਚਾਰਜ ਮਨਜੀਤ ਸਿੰਘ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਹੰਬੜਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਸਿਧਵਾਂ ਬੇਟ ਵੱਲੋਂ ਇਕ ਸਵਿੱਫਟ ਕਾਰ ਆਉਂਦੀ ਦਿਖਾਈ ਦਿਤੀ। ਜਦ ਪੁਲਸ ਨੇ ਸ਼ੱਕ ਦੇ ਅਧਾਰ 'ਤੇ ਜਦ ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਕਾਰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ ਕਰਨ ਲੱਗੇ ਪਰ ਪੁਲਸ ਦੀ ਮੁਸਤੈਦੀ ਦੇ ਕਾਰਨ ਤੁਰੰਤ ਕਾਰ ਨੂੰ ਕਾਬੂ ਕਰ ਲਿਆ ਗਿਆ। ਜਦ ਪੁਲਸ ਨੇ ਕਾਰ ਸਵਾਰ ਯੁਵਕਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 90 ਲੱਖ ਰੁਪਏ ਬਣਦੀ ਹੈ। ਪੁਲਸ ਨੇ ਹੈਰੋਇਨ ਸਮੇਤ ਫੜੇ ਗਏ ਨੌਜਵਾਨਾਂ ਦੀ ਪਛਾਣ ਜਤਿੰਦਰ ਸਿੰਘ ਕਾਕਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਿੰਡ ਇਯਾਲੀ ਕਲਾਂ ਅਤੇ ਰਘੁਵੀਰ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਗਹੌਰ ਦਾਖਾ ਦੇ ਰੂਪ ਵਿਚ ਕੀਤੀ ਗਈ। ਇਨ੍ਹਾਂ ਖਿਲਾਫ ਥਾਣਾ ਲਾਡੋਵਾਲ 'ਚ ਐਨ. ਡੀ. ਪੀ. ਐੱਸ. ਐਕਟ ਅਧੀਂਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇਕ ਦੋਸ਼ੀ 'ਤੇ ਨਸ਼ਾ ਤਸਕਰੀ ਦੇ 3 ਮਾਮਲੇ ਦਰਜ
ਏ. ਡੀ. ਸੀ. ਪੀ ਲਾਂਬਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਯੁਵਕਾਂ 'ਚੋਂ ਜਤਿੰਦਰ ਸਿੰਘ 'ਤੇ ਪਹਿਲਾ ਵੀ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। ਜੋ ਕਿ ਜ਼ਮਾਨਤ 'ਤੇ ਬਾਹਰ ਆਇਆ ਹੈ ਅਤੇ ਬਾਹਰ ਆ ਕੇ ਫਿਰ ਤੋਂ ਦੁਬਾਰਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਜਿਸ ਨੂੰ ਪੁਲਸ ਨੇ ਫਿਰ ਤੋਂ ਕਾਬੂ ਕਰ ਲਿਆ ਗਿਆ ਹੈ।
ਸਿਧਵਾਂ ਬੇਟ ਤੋਂ ਲੈ ਕੇ ਆਏ ਨਸ਼ੇ ਦੀ ਖੇਪ
ਏ. ਡੀ. ਸੀ. ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀ ਸਿਧਵਾ ਬੇਟ ਤੋਂ ਕਿਸੇ ਵਿਅਕਤੀ ਤੋਂ 150 ਗ੍ਰਾਮ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ। ਜਦਕਿ ਦੋਸ਼ੀਆਂ ਨੇ ਉਸ ਨਸ਼ੇ ਨੂੰ ਮਹਾਨਗਰ ਦੇ ਆਸਪਾਸ ਦੇ ਇਲਾਕਿਆਂ 'ਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ 'ਚ ਵੇਚਣਾ ਸੀ। ਪੁਲਸ ਨਸ਼ੇ ਦੀ ਖੇਪ ਵੇਚਣ ਵਾਲੇ ਦੇ ਬਾਰੇ ਵੀ ਜਾਣਕਾਰੀ ਹਾਸਲ ਕਰਨ 'ਚ ਲੱਗੀ ਹੋਈ ਹੈ ਤਾਂ ਕਿ ਉਸ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਜਾ ਸਕੇ।