ਭੱਠੀ ''ਚ ਧਮਾਕਾ ਹੋਣ ਕਾਰਨ 2 ਦੀ ਮੌਤ, 4 ਜ਼ਖਮੀ
Monday, Jan 27, 2020 - 09:19 PM (IST)
ਅਮਲੋਹ, (ਗਰਗ)— ਸਥਾਨਕ ਮੰਡੀ ਗੋਬਿੰਦਗੜ੍ਹ ਰੋਡ 'ਤੇ ਪਿੰਡ ਸੌਟੀ ਨਜ਼ਦੀਕ ਵਿਮਲ ਅਲਾਇਜ ਫਰਨਿਸ਼ 'ਚ ਬੀਤੇ ਦਿਨੀਂ ਭੱਠੀ 'ਚ ਧਮਾਕਾ ਹੋਣ ਕਾਰਣ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 4 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਅਮਲੋਹ ਸੁਖਵਿੰਦਰ ਸਿੰਘ ਥਾਣਾ ਮੁਖੀ ਕੁਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ 25 ਜਨਵਰੀ ਦੀ ਸ਼ਾਮ ਨੂੰ ਵਾਪਰਿਆ। ਮਿੱਲ ਦੀ ਭੱਠੀ 'ਚ ਅਚਾਨਕ ਧਮਾਕਾ ਹੋਇਆ, ਜਿਸ 'ਚ 6 ਦੇ ਕਰੀਬ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਰਾਮ ਮਿਲਨ ਪੁੱਤਰ ਹੀਰਾ ਲਾਲ ਦੀ 26 ਜਨਵਰੀ ਨੂੰ ਮੌਤ ਹੋ ਗਈ, ਜਦੋਂ ਕਿ ਧੋਖੇ ਮਹਿਤੋ ਪੁੱਤਰ ਦੇਵ ਰਾਜ ਦੀ 27 ਜਨਵਰੀ ਨੂੰ ਮੌਤ ਹੋ ਗਈ। 4 ਮਜ਼ਦੂਰਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ। ਪੁਲਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਹੈ।