ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਦੀ ਮੌਤ, 130 ਪਾਜ਼ੇਟਿਵ
Thursday, Nov 19, 2020 - 11:27 PM (IST)
ਲੁਧਿਆਣਾ,(ਸਹਿਗਲ)- ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ 130 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਕੇ ਸਾਹਮਣੇ ਆਏ ਹਨ, ਜਦੋਂਕਿ 2 ਬਾਹਰੀ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 1 ਮਰੀਜ਼ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਦੋਂਕਿ ਇਕ ਹਿਮਾਚਲ ਪ੍ਰਦੇਸ਼ ਦਾ ਸੀ। ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖਲ ਹੋਇਆ ਸੀ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਮੁਤਾਬਕ 130 ਮਰੀਜ਼ਾਂ ਵਿਚ 104 ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ 26 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਸੁਖਦ ਗੱਲ ਹੈ ਕਿ ਕਿਸੇ ਵੀ ਮਰੀਜ਼ ਦੀ ਅੱਜ ਮੌਤ ਨਹੀਂ ਹੋਈ। ਲੋਕ ਜੇਕਰ ਥੋੜ੍ਹਾ ਧਿਆਨ ਦੇਣ ਤਾਂ ਮਰੀਜ਼ਾਂ ਦੀ ਵਧਦੀ ਗਿਣਤੀ ’ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 21769 ਹੋ ਗਈ ਹੈ, ਜਦੋਂਕਿ ਇਨ੍ਹਾਂ ਵਿਚੋਂ 876 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3047 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 360 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 839 ਐਕਟਿਵ ਮਰੀਜ਼ ਰਹਿ ਗਏ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 2 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।
2909 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 2909 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1755 ਟੈਸਟ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਕੱਲ ਤੱਕ ਆ ਜਾਣ ਦੀ ਉਮੀਦ ਹੈ।
134 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 134 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਮੌਜੂਦਾ ਵਿਚ 1500 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ, ਜਦੋਂਕਿ 631 ਮਰੀਜ਼ ਹੋਮ ਆਈਸੋਲੇਸ਼ਨ ਵਿਚ ਭੇਜੇ ਗਏ ਹਨ।
ਸੂਬੇ ਦੇ ਵੱਖ-ਵੱਖ ਜ਼ਿਲਿਆਂ ’ਚ ਮਰੀਜ਼ਾਂ ਦੀ ਗਿਣਤੀ ਵਧੀ
ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਅੱਜ ਦੂਜੇ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਕੱਲ ਰਾਜ ਵਿਚ 300 ਮਰੀਜ਼ ਔਸਤ ਤੋਂ ਜ਼ਿਆਦਾ ਆਏ ਸਨ। ਅੱਜ ਵੀ ਅੰਕੜਾ ਇਸੇ ਦੇ ਕਰੀਬ ਦੱਸਿਆ ਜਾਂਦਾ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਅਜੇ ਸਮਾਂ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਨ।