ਅੱਧਾ ਕਿਲੋ ਅਫੀਮ ਸਮੇਤ 2 ਕਾਬੂ
Saturday, Feb 24, 2018 - 06:51 AM (IST)

ਮੋਗਾ, (ਆਜ਼ਾਦ)- ਐਂਟੀ ਨਾਰਕੋਟਿਕਸ ਡਰੱਗ ਸੈੱਲ ਵੱਲੋਂ ਅੱਧਾ ਕਿਲੋ ਅਫੀਮ ਸਮੇਤ 2 ਸਮੱਗਲਰਾਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰੰਦਿਆਂ ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਟੀ-ਪੁਆਇੰਟ ਗਲੋਟੀ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਸਤਪਾਲ ਸਿੰਘ ਉਰਫ ਵਿੱਕੀ ਨਿਵਾਸੀ ਕੋਟ ਈਸੇ ਖਾਂ ਅਤੇ ਪਰਮਜੀਤ ਸਿੰਘ ਉਰਫ ਗੁਰਮੀਤ ਸਿੰਘ ਨਿਵਾਸੀ ਪਿੰਡ ਕਟੋਰਾ ਫਿਰੋਜ਼ਪੁਰ ਨੂੰ ਰੋਕਿਆ ਅਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ, ਜਿਨ੍ਹਾਂ ਨੂੰ ਤੁਰੰਤ ਪੁਲਸ ਪਾਰਟੀ ਨੇ ਅਫੀਮ ਸਮੇਤ ਹਿਰਾਸਤ 'ਚ ਲੈ ਲਿਆ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਸਮੱਗਲਰਾਂ ਨੇ ਕਿਹਾ ਕਿ ਉਕਤ ਅਫੀਮ ਉਨ੍ਹਾਂ ਮੱਧ ਪ੍ਰਦੇਸ਼ ਤੋਂ ਲਿਆਂਦੀ ਸੀ, ਜਿਸ ਨੂੰ ਉਨ੍ਹਾਂ ਆਪਣੇ ਗਾਹਕਾਂ ਨੂੰ ਸਪਲਾਈ ਕਰਨਾ ਸੀ। ਅੱਜ ਵੀ ਉਹ ਆਪਣੇ ਗਾਹਕਾਂ ਨੂੰ ਅਫੀਮ ਦੇਣ ਲਈ ਜਾ ਰਹੇ ਸਨ ਕਿ ਪੁਲਸ ਦੇ ਕਾਬੂ ਆ ਗਏ।
ਪਹਿਲਾਂ ਵੀ ਹਨ ਮਾਮਲੇ ਦਰਜ
ਪੁਲਸ ਸੂਤਰਾਂ ਅਨੁਸਾਰ ਪਰਮਜੀਤ ਸਿੰਘ ਉਰਫ ਗੁਰਮੀਤ ਸਿੰਘ ਖਿਲਾਫ 2010 'ਚ ਥਾਣਾ ਬੱਧਨੀ ਕਲਾਂ, 2013 'ਚ ਥਾਣਾ ਸਦਰ ਅਬੋਹਰ, 2013 'ਚ ਥਾਣਾ ਜ਼ੀਰਾ 'ਚ ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ਦਰਜ ਸਨ, ਜਦਕਿ 2014 ਅਤੇ 2015 'ਚ ਫਿਰੋਜ਼ਪੁਰ ਜੇਲ 'ਚ ਉਸ ਕੋਲੋਂ ਹੈਰੋਇਨ ਬਰਾਮਦ ਹੋਈ ਸੀ ਪਰ ਉਹ ਤਿੰਨ ਮਾਮਲਿਆਂ 'ਚੋਂ ਬਰੀ ਹੋ ਚੁੱਕਾ ਹੈ। ਇਸੇ ਤਰ੍ਹਾਂ ਸਤਪਾਲ ਸਿੰਘ ਉਰਫ ਵਿੱਕੀ ਖਿਲਾਫ 2017 'ਚ ਥਾਣਾ ਕੋਟ ਈਸੇ ਖਾਂ 'ਚ ਹੈਰੋਇਨ ਬਰਾਮਦ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਕੀ ਹੋਈ ਪੁਲਸ ਕਾਰਵਾਈ
ਐਂਟੀ ਨਾਰਕੋਟਿਕਸ ਡਰੱਗ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਸਮੱਗਲਰਾਂ ਖਿਲਾਫ ਥਾਣਾ ਕੋਟ ਈਸੇ ਖਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਕਤ ਦੋਵਾਂ ਦੋਸ਼ੀਆਂ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਵੱਲੋਂ ਉਕਤ ਦੋਵਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।