ਔਰਤਾਂ ਦੇ ਕੰਨਾਂ ''ਚੋਂ ਵਾਲੀਆਂ ਲਾਹੁਣ ਵਾਲੇ 2 ਅੜਿੱਕੇ
Thursday, Mar 01, 2018 - 06:00 AM (IST)

ਮੱਲਾਂਵਾਲਾ, (ਜਸਪਾਲ)— ਥਾਣਾ ਮੱਲਾਂਵਾਲਾ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਔਰਤਾਂ ਦੇ ਕੰਨਾਂ 'ਚੋਂ ਵਾਲੀਆਂ ਲਾਹੁਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੈਮਲ ਵਾਲਾ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਦੀ ਪਤਨੀ ਬਖਸ਼ੀਸ਼ ਕੌਰ ਦੇ ਕੰਨ 'ਚੋਂ ਸੋਨੇ ਦੀ ਵਾਲੀ ਲਾਹੁਣ ਵਾਲੇ ਗਿਰੋਹ ਦੇ ਦੋ ਮੈਂਬਰ ਪਿੰਡ ਭੜਾਣਾ ਦੀ ਦਾਣਾ ਮੰਡੀ ਵਿਚ ਬੈਠੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਏ. ਐੱਸ. ਆਈ. ਰੇਸ਼ਮ ਸਿੰਘ ਨੇ ਪੁਲਸ ਪਾਰਟੀ ਨਾਲ ਪਿੰਡ ਭੜਾਣਾ ਵਿਖੇ ਛਾਪਾ-ਮਾਰੀ ਕੀਤੀ ਜਿਥੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਕਾਬੂ ਕੀਤੇ ਉਕਤ ਵਿਅਕਤੀਆਂ ਪਾਸੋਂ ਲਾਹੀਆਂ ਹੋਈਆਂ 6 ਵਾਲੀਆ ਬਰਾਮਦ ਹੋਈਆਂ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੁਖਜਿੰਦਰ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਸੋਢੀ ਨਗਰ ਥਾਣਾ ਘੱਲ ਖੁਰਦ ਅਤੇ ਲਵਜੀਤ ਸਿੰਘ ਲਵ ਪੁੱਤਰ ਸ਼ਿੰਦਰ ਸਿੰਘ ਵਾਸੀ ਲੋਹਗੜ੍ਹ ਥਾਣਾ ਕੁਲਗੜ੍ਹੀ ਵਜੋਂ ਹੋਈ। ਉਕਤ ਵਿਅਕਤੀਆਂ ਖਿਲਾਫ ਥਾਣਾ ਮੱਲਾਂਵਾਲਾ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।