ਹੁਸ਼ਿਆਰਪੁਰ ''ਚ 300 ਗ੍ਰਾਮ ਦੀ ਹੈਰੋਇਨ ਸਮੇਤ ਦੋ ਵਿਦੇਸ਼ੀ ਲੜਕੀਆਂ ਡਰਾਈਵਰ ਸਣੇ ਕਾਬੂ
Thursday, Mar 29, 2018 - 04:44 PM (IST)

ਹੁਸ਼ਿਆਰਪੁਰ(ਮਿਸ਼ਰਾ)— ਗੁਪਤ ਸੁਚਨਾ ਦੇ ਆਧਾਰ 'ਤੇ ਹੁਸ਼ਿਆਰਪੁਰ ਦੀ ਪੁਲਸ ਨੇ ਸ਼ਿਮਲਾ ਪਹਾੜੀ ਚੌਕ ਸਥਿਤ ਇਕ ਕਾਰ ਦੀ ਤਲਾਸ਼ੀ ਦੌਰਾਨ ਕਾਰ ਸਵਾਰ ਕੀਨੀਆ ਦੇ ਨੈਰੋਬੀ ਸ਼ਹਿਰ ਦੀਆਂ ਰਹਿਣ ਵਾਲੀਆਂ 2 ਲੜਕੀਆਂ ਨੂੰ ਡਰਾਈਵਰ ਸਮੇਤ ਗ੍ਰਿਫਤਾਰ ਕਰਕੇ 300 ਗ੍ਰਾਮ ਦੀ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਲਾਈਨਜ਼ 'ਚ ਵੀਰਵਾਰ ਨੂੰ ਮੀਡੀਆ ਦੇ ਸਾਹਮਣੇ ਦੋਸ਼ੀ ਡਰਾਈਵਰ ਅੰਮ੍ਰਿਤਪਾਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਰਾਜੇਵਾਲ ਨੂੰ ਅਦਾਲਤ 'ਚ ਪੇਸ਼ ਕਰਕੇ ਐੱਸ. ਐੱਸ. ਪੀ. ਜੇ . ਏਲਨਚੇਲਿਅਨ ਨੇ ਦੱਸਿਆ ਕਿ ਮੇਰੀ ਜਾਣਕਾਰੀ 'ਚ ਹੁਸ਼ਿਆਰਪੁਰ ਪੁਲਸ ਨੂੰ ਕਿਸੇ ਵਿਦੇਸ਼ੀ ਨਾਗਰਿਕ ਦੇ ਕੋਲੋਂ ਇੰਨੀ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰਨ ਦੀ ਪਹਿਲੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਅਫਰੀਕੀ ਦੇਸ਼ ਕੀਨੀਆ ਸ਼ਹਿਰ ਦੀਆਂ ਰਹਿਣ ਵਾਲੀਆਂ ਦੋਵੇਂ ਹੀ ਦੋਸ਼ੀ ਲੜਕੀਆਂ ਮਾਗ੍ਰੇਟ ਪੁੱਤਰੀ ਬਾਬੁਈ ਅਤੇ ਏਟੀਕ ਪੁੱਤਰੀ ਕੇਵਿਨ ਨੂੰ ਮੈਡੀਕਲ ਕਰਵਾਉਣ ਦੇ ਬਾਅਦ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਚ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹੀ ਲੜਕੀਆਂ ਨਵੀਂ ਦਿੱਲੀ ਤੋਂ ਹੁਸ਼ਿਆਰਪੁਰ ਆ ਕੇ ਨੇੜੇ ਦੇ ਖੇਤਰਾਂ 'ਚ ਹੈਰੋਇਨ ਦੀ ਸਪਲਾਈ ਕਰਨ ਆਈਆਂ ਸਨ। ਹੁਸ਼ਿਆਰਪੁਰ ਪੁਲਸ ਨਵੀਂ ਦਿੱਲੀ ਦੇ ਨਾਲ ਸਪੰਰਕ ਕਰ ਰਹੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਲੋਕ ਕਿਸ ਗਿਰੋਹ ਦੇ ਨਾਲ ਜੁੜੇ ਹਨ ਅਤੇ ਇਨ੍ਹਾਂ ਦਾ ਨੈੱਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ।
ਆਦਮਪੁਰ ਅਤੇ ਮਾਡਲ ਟਾਊਨ 'ਚ ਹਨ ਮਾਮਲੇ ਦਰਜ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ 'ਚੋਂ ਡਰਾਈਵਰ ਅੰਮ੍ਰਿਤਪਾਲ ਸਿੰਘ ਵਾਸੀ ਰਾਜੋਵਾਲ(ਬੁੱਲੋਵਾਲ) ਖਿਲਾਫ ਆਦਮਪੁਰ ਦਿਹਾਤੀ ਅਤੇ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ 'ਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਮਾਮਲਾ ਦਰਜ ਹੈ। ਪੁਲਸ ਨੇ ਤਿੰਨੋਂ ਹੀ ਦੋਸ਼ਿਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।