ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਾਢੇ 3 ਕਰੋੜ ਦੀਆਂ ਕਾਰਾਂ ਬਰਾਮਦ

Tuesday, Jun 09, 2020 - 11:53 AM (IST)

ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਾਢੇ 3 ਕਰੋੜ ਦੀਆਂ ਕਾਰਾਂ ਬਰਾਮਦ

ਚੰਡੀਗੜ੍ਹ (ਸੁਸ਼ੀਲ) : ਦਿੱਲੀ ਅਤੇ ਪੰਜਾਬ ਤੋਂ ਲਗਜ਼ਰੀ ਗੱਡੀਆਂ ਚੋਰੀ ਕਰ ਕੇ ਜਾਅਲੀ ਕਾਗਜ਼ਾਤ ਬਣਾ ਕੇ ਲੱਖਾਂ ਰੁਪਏ ’ਚ ਵੇਚਣ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ ਸੈਕਟਰ-31 ਥਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਫੜ੍ਹੇ ਗਏ ਗਿਰੋਹ ਦੇ ਇਨ੍ਹਾਂ ਦੋ ਮੈਂਬਰਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਚੋਰੀ ਦੀਆਂ ਫਾਰਚਿਊਨਰ, ਇਨੋਵਾ, ਕਰੇਟਾ ਸਮੇਤ 18 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੇ ਸਾਰੀਆਂ ਗੱਡੀਆਂ ਦੇ ਵੀ. ਆਈ. ਪੀ. ਨੰਬਰ ਲਏ ਹੋਏ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਇਨ੍ਹਾਂ ਤੋਂ 10 ਇਨੋਵਾ, 5 ਕਰੇਟਾ ਅਤੇ ਦੋ ਬਰੇਜ਼ਾ ਗੱਡੀਆਂ ਅਤੇ ਇਕ ਹੋਰ ਕਾਰ ਬਰਾਮਦ ਹੋਈ ਹੈ। ਚੋਰੀ ਦੀਆਂ ਸਾਰੀਆਂ ਗੱਡੀਆਂ ਹਰਿਆਣਾ ਦੀਆਂ ਵੱਖ-ਵੱਖ ਲਾਈਸੈਂਸ ਅਥਾਰਟੀ ਤੋਂ ਰਜਿਸਟਰਡ ਹਨ। ਮੁਲਜ਼ਮਾਂ ਦੀ ਪਛਾਣ ਹਰਿਆਣੇ ਦੇ ਜ਼ਿਲ੍ਹੇ ਰੋਹਤਕ ਦੇ ਪਿੰਡ ਸੀਸਰ ਖਾਸ ਨਿਵਾਸੀ 39 ਸਾਲ ਦਾ ਰਮੇਸ਼ ਅਤੇ ਰੋਹਤਕ ਦੇ ਦੁਸਹਿਰਾ ਗਰਾਊਂਡ ਦੇ ਨੇੜੇ ਵਾਰਡ ਨੰਬਰ-5 ਨਿਵਾਸੀ 37 ਸਾਲ ਦਾ ਅਮਿਤ ਕੁਮਾਰ ਦੇ ਰੂਪ ’ਚ ਹੋਈ। ਸੈਕਟਰ-31 ਥਾਣਾ ਪੁਲਸ ਨੇ ਵਾਹਨ ਚੋਰ ਰਮੇਸ਼ ਅਤੇ ਅਮਿਤ ਕੁਮਾਰ ’ਤੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਤੋਂ ਗਿਰੋਹ ਦੇ ਹੋਰ ਮੈਬਰਾਂ ਬਾਰੇ ’ਚ ਪੁੱਛਗਿਛ ਕੀਤੀ ਜਾ ਰਹੀ ਹੈ। ਦੋਹਾਂ ਮੁਲਜ਼ਮਾਂ ਨੂੰ ਪੁਲਸ ਨੇ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 12 ਜੂਨ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਦਿੱਲੀ ਤੋਂ ਚੋਰੀ ਕੀਤੀ ਗੱਡੀ ’ਤੇ ਲਾਇਆ ਹੋਇਆ ਸੀ ਜਾਅਲੀ ਨੰਬਰ
ਸੈਕਟਰ-31 ਥਾਣਾ ਰਾਜਦੀਪ ਸਿੰਘ ਨੇ ਦੱਸਿਆ ਕਿ ਅਨਲਾਕ-1 ’ਚ ਛੋਟ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਵਿਭਾਗੀ ਮੀਟਿੰਗ ’ਚ ਅਪਰਾਧਿਕ ਵਾਰਦਾਤ ਰੋਕਣ ਲਈ ਅਲਰਟ ਰਹਿਣ ਦੇ ਆਦੇਸ਼ ਦਿੱਤੇ ਸਨ। 4 ਮਈ ਨੂੰ ਉਨ੍ਹਾਂ ਦੀ ਅਗਵਾਈ ’ਚ ਏ. ਐੱਸ. ਆਈ. ਅਖਤਰ ਹੁਸੈਨ ਇੰਡਸਟਰੀਅਲ ਏਰੀਆ ਫੇਜ-2 ਸਥਿਤ ਸ਼ਿਵ ਮੰਦਰ ਕੋਲ ਪੈਟਰੋਲਿੰਗ ਕਰ ਰਹੇ ਸਨ। ਉਨ੍ਹਾਂ ਨੇ ਹਰਿਆਣਾ ਨੰਬਰ ਦੀ ਕਰੇਟਾ ਗੱਡੀ ਐੱਚ. ਆਰ. 15 ਈ 8648 ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਏ. ਐੱਸ. ਆਈ. ਨੇ ਗੱਡੀ ਦੇ ਕਾਗਜ਼ਾਤ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਗੱਡੀ ਦਾ ਸਾਰਾ ਰਿਕਾਰਡ ਵੇਖਿਆ ਤਾਂ ਗੱਡੀ ਦਿੱਲੀ ਤੋਂ ਚੋਰੀ ਕੀਤੀ ਗਈ। ਗੱਡੀ ਦਾ ਅਸਲ ਨੰਬਰ ਡੀ. ਐੱਲ. 08 ਸੀ. ਏ. ਐੱਮ. 0936 ਸੀ। ਉਨ੍ਹਾਂ ਨੇ ਕਰੇਟਾ ਗੱਡੀ ਦਾ ਇੰਜਨ ਅਤੇ ਚੇਸੀ ਨੰਬਰ ਵੇਖਿਆ ਤਾਂ ਉਹ ਬਦਲਿਆ ਹੋਇਆ ਸੀ। ਪੁਲਸ ਟੀਮ ਨੇ ਕਾਰ ਚਾਲਕ ਰੋਹਤਕ ਨਿਵਾਸੀ ਰਮੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ।
ਆਨ ਡਿਮਾਂਡ ਨਵੇਂ ਮਾਡਲ ਦੀਆਂ ਗੱਡੀਆਂ ਚੋਰੀ ਕਰਦੇ ਸਨ
ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਵੱਖ-ਵੱਖ ਰਾਜਾਂ ਤੋਂ ਗੱਡੀਆਂ ਚੋਰੀ ਕਰਦੇ ਹਨ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਵੇਚਦੇ ਹਨ। ਸੈਕਟਰ-31 ਥਾਣਾ ਇੰਚਾਰਜ ਰਾਜਦੀਪ ਸਿੰਘ ਨੇ ਆਰੋਪੀ ਰਮੇਸ਼ ਦੀ ਨਿਸ਼ਾਨਦੇਹੀ ’ਤੇ ਗਿਰੋਹ ਦੇ ਇਕ ਹੋਰ ਮੈਂਬਰ ਨੂੰ 7 ਜੂਨ ਨੂੰ ਗ੍ਰਿਫਤਾਰ ਕੀਤਾ। ਉਸਦੀ ਪਹਿਚਾਣ ਰੋਹਤਕ ਦੇ ਦੁਸਹਿਰਾ ਗਰਾਊਂਡ ਦੇ ਨੇੜੇ ਵਾਰਡ ਨੰਬਰ 5 ਨਿਵਾਸੀ 37 ਸਾਲ ਦੇ ਅਮਿਤ ਕੁਮਾਰ ਦੇ ਰੂਪ ’ਚ ਹੋਈ। ਪੁਲਸ ਨੇ ਰਮੇਸ਼ ਅਤੇ ਅਮਿਤ ਕੁਮਾਰ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ 18 ਲਗਜ਼ਰੀ ਗੱਡੀਆਂ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕੀਤੀਆਂ। ਜਾਂਚ ’ਚ ਪਤਾ ਚੱਲਿਆ ਕਿ ਗਿਰੋਹ ਦੇ ਮੈਂਬਰ ਜ਼ਿਆਦਾਤਰ ਆਨ ਡਿਮਾਂਡ ਨਵੇਂ ਮਾਡਲ ਦੀਆਂ ਗੱਡੀਆਂ ਚੋਰੀ ਕਰਦੇ ਸਨ।


author

Babita

Content Editor

Related News