ਨਸ਼ਿਆਂ ਦੇ 2 ਸਮੱਗਲਰ ਕਾਰ ਸਣੇ ਕਾਬੂ

09/13/2017 6:31:09 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਦੇ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਨਸ਼ਿਆਂ ਦੇ 2 ਸੌਦਾਗਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਰਮਜੀਤਪੁਰ ਤੋਂ ਸੁਲਤਾਨਪੁਰ ਲੋਧੀ ਰੋਡ ਦੇ ਫਾਟਕ ਦੇ ਨਜ਼ਦੀਕ ਪੁਲਸ ਪਾਰਟੀ ਏ. ਐੱਸ. ਆਈ. ਦਿਲਬਾਗ ਸਿੰਘ, ਐੱਚ. ਸੀ. ਕੁਲਦੀਪ ਸਿੰਘ, ਐੱਚ. ਸੀ. ਮੇਜਰ ਸਿੰਘ ਦੇ ਨਾਲ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਪਿੰਡ ਕਰਮਜੀਤਪੁਰ ਪਾਸੋਂ ਇਕ ਸਫੈਦ ਰੰਗ ਦੀ ਡਿਜ਼ਾਇਰ ਕਾਰ ਜਿਸ ਨੂੰ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਸੱਜਣ ਸਿੰਘ ਵਾਸੀ ਚੱਕ ਵਡਾਲਾ ਲੋਹੀਆਂ ਚਲਾ ਰਿਹਾ ਸੀ ਤੇ ਉਸਦੇ ਨਾਲ ਹੀ ਇਕ ਹੋਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਹਰਬੰਸ ਸਿੰਘ ਵਾਸੀ ਲਸੂੜੀ ਮੁਹੱਲਾ ਗਲੀ ਨੰ. 2 ਜਲੰਧਰ ਬੈਠਾ ਹੋਇਆ ਸੀ। 
ਪੁਲਸ ਵਲੋਂ ਦੋਵੇਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਪਰਮਜੀਤ ਸਿੰਘ ਉਰਫ ਪੰਮਾ ਦੇ ਪਾਸੋਂ 120 ਗ੍ਰਾਮ ਨਸ਼ੀਲਾ ਪਾਊਡਰ ਤੇ ਸੁਖਦੇਵ ਸਿੰਘ ਕੋਲੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਨਸ਼ਿਆਂ ਦੇ ਮਾਮਲੇ 'ਚ ਚੰਡੀਗੜ੍ਹ ਜੇਲ 'ਚੋਂ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਤੇ ਉਸਨੇ ਉਕਤ ਕਾਰ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਨਸ਼ਿਆਂ ਦੇ ਸਾਮਾਨ ਨੂੰ ਸਪਲਾਈ ਕਰਨ ਵਾਸਤੇ ਪੱਕੇ ਤੌਰ 'ਤੇ ਹੀ ਆਪਣੇ ਨਾਲ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਉਰਫ ਪੰਮਾ ਨੂੰ ਭਾਗਾ ਨਾਮ ਦਾ ਵਿਅਕਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਿਸਦੀ ਪੰਮੇ ਨਾਲ ਚੰਡੀਗੜ੍ਹ ਜੇਲ 'ਚ ਹੀ ਮੁਲਾਕਾਤ ਤੋਂ ਬਾਅਦ ਦੋਸਤੀ ਹੋਈ ਸੀ ਤੇ ਉਹੀ ਉਸਨੂੰ ਨਸ਼ਿਆਂ ਦਾ ਮਾਲ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਤੇ ਤੀਸਰੇ ਵਿਅਕਤੀ ਭਾਗਾ ਨੂੰ ਵੀ, ਜੋ ਇਨ੍ਹਾਂ ਨੂੰ ਮਾਲ ਸਪਲਾਈ ਕਰਦਾ ਸੀ, ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News