ਪਲਾਂ 'ਚ ਉੱਜੜੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਦਿਓਰ-ਭਾਬੀ ਨਾਲ ਵਾਪਰਿਆ ਦਰਦਨਾਕ ਭਾਣਾ
Thursday, Apr 20, 2023 - 01:35 PM (IST)
 
            
            ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਬੀਤੀ ਸ਼ਾਮ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ’ਚ ਟਕਰਾਉਣ ਕਾਰਨ ਦਿਓਰ-ਭਰਜਾਈ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਵਿੰਦਰ ਸਿੰਘ (35) ਪੁੱਤਰ ਜੰਟਾ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਕਰਮਜੀਤ ਕੌਰ (40) ਪਤਨੀ ਬਲਜੀਤ ਸਿੰਘ ਉਰਫ ਨਿੱਕਾ ਵਾਸੀ ਸੰਗਤ ਕਲਾਂ ਬੀਤੀ ਸ਼ਾਮ ਮੋਟਰਸਾਈਕਲ ’ਤੇ ਸੰਗਤ ਕਲਾਂ ਤੋਂ ਚੱਕ ਅਤਰ ਸਿੰਘ ਵਾਲਾ ਆਪਣੇ ਪਿੰਡ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਚੱਕ ਅਤਰ ਸਿੰਘ ਵਾਲਾ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ- ਗੈਂਗਸਟਰ ਮੁੱਖਤਾਰ ਅੰਸਾਰੀ ਮਾਮਲੇ 'ਤੇ ਐਕਸ਼ਨ 'ਚ CM ਮਾਨ, ਵਾਪਸ ਮੋੜੀ 55 ਲੱਖ ਦੇ ਖ਼ਰਚੇ ਵਾਲੀ ਫਾਈਲ
ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੀ ਪੁਲਸ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਤੋਂ ਇਲਾਵਾ ਬਠਿੰਡਾ ਤੋਂ ਸਹਾਰਾ ਜਨ ਸੇਵਾ ਦੇ ਵਾਲੰਟੀਅਰ ਸੰਦੀਪ ਗੋਇਲ ਅਤੇ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ। ਹਾਦਸੇ ਦੌਰਾਨ ਕਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦਵਿੰਦਰ ਸਿੰਘ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਵਾਲੰਟੀਅਰਾਂ ਵੱਲੋਂ ਇਲਾਜ ਲਈ ਬਠਿੰਡਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਵਿੰਦਰ ਸਿੰਘ ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਮ੍ਰਿਤਕਾ ਕਰਮਜੀਤ ਕੌਰ ਰਿਸ਼ਤੇ ’ਚ ਦਵਿੰਦਰ ਸਿੰਘ ਦੀ ਭੂਆ ਦੀ ਨੂੰਹ ਲੱਗਦੀ ਸੀ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਜੰਟਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੀ ਪਤਨੀ ਨੇ ਦਾਨ ਕੀਤੇ ਆਪਣੇ ਵਾਲ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            