ਹਾਦਸੇ ''ਚ 2 ਵਿਅਕਤੀਆਂ ਦੀ ਮੌਤ ; 4 ਜ਼ਖਮੀ
Monday, Mar 12, 2018 - 03:19 AM (IST)
ਫਿਰੋਜ਼ਪੁਰ, (ਮਲਹੋਤਰਾ)— ਛੁੱਟੀ 'ਤੇ ਆਏ ਸੈਨਾ ਦੇ ਇਕ ਜਵਾਨ ਦੀ ਗੱਡੀ ਦੀ ਟੱਕਰ ਨਾਲ ਮੌਤ ਹੋ ਗਈ, ਜਦਕਿ ਪਿਉ-ਪੁੱਤਰ ਜ਼ਖਮੀ ਹੋ ਗਏ। ਥਾਣਾ ਕੁੱਲਗੜ੍ਹੀ ਪੁਲਸ ਨੇ ਜ਼ਖਮੀ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਰਵਿੰਦਰ ਸਿੰਘ ਵਾਸੀ ਪਿੰਡ ਕਾਸਮਵਾਲਾ ਖਿਲਾਫ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਵੈਲਡਿੰਗ ਦਾ ਕੰਮ ਕਰਨ ਵਾਲਾ ਮਨਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਵਸਤੀ ਖਲੀਲ ਵਾਲੀ ਆਪਣੇ ਭਤੀਜੇ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਨਾਲ ਮੋਟਰਸਾਈਕਲ 'ਤੇ ਕੰਮ ਕਰਨ ਲਈ ਛਾਉਣੀ ਵੱਲ ਜਾ ਰਿਹਾ ਸੀ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਬਜੀਦਪੁਰ ਗੇਟ ਲਾਗੇ ਪੁੱਜਾ ਤਾਂ ਦੂਜੀ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿਚ ਤਿੰਨੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਤਾਂ ਡਾਕਟਰਾਂ ਨੇ ਉਥੇ ਗੰਭੀਰ ਜ਼ਖਮੀ ਮਨਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਕਾਰ ਤੇ ਨੁਕਸਾਨਿਆ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਮੁਲਜ਼ਮ ਚਾਲਕ ਤਰਵਿੰਦਰ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਲਾਲਾਬਾਦ/ਮੰਡੀ ਘੁਬਾਇਆ (ਨਿਖੰਜ, ਸੇਤੀਆ, ਬੰਟੀ, ਕੁਲਵੰਤ)—ਮੰਡੀ ਘੁਬਾਇਆ ਦੀ ਅਨਾਜ ਮੰਡੀ ਦੇ ਨੇੜੇ ਬਣੇ ਪੈਟਰੋਲ ਪੰਪ ਕੋਲ ਮੋਟਰਸਾਈਕਲ ਅਤੇ ਘੜੁੱਕੇ ਦੀ ਆਪਸੀ ਟੱਕਰ ਹੋਣ ਨਾਲ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੂਰਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨੇਜਠੇਲਾ ਸਿਰਸਾ (ਹਰਿਆਣਾ) ਆਪਣੇ ਇਕ ਹੋਰ ਸਾਥੀ ਮੋਨੂੰ ਕੁਮਾਰ ਪੁੱਤਰ ਚਾਨਣ ਰਾਮ ਨਾਲ ਪਿੰਡ ਈਸਾ ਪੰਜਗਰਾਈਂ ਦੇ ਇਕ ਵਿਆਹ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਘੁਬਾਇਆ ਵੱਲੋਂ ਪੰਪ ਤੋਂ ਤੇਲ ਪਵਾਉਣ ਲਈ ਆ ਰਹੇ ਘੜੁੱਕਾ ਚਾਲਕ ਨੇ ਬਿਨਾਂ ਦੇਖੇ ਹੀ ਮੋੜ ਦਿੱਤਾ ਅਤੇ ਉਕਤ ਨੌਜਵਾਨਾਂ ਦਾ ਮੋਟਰਸਾਈਕਲ ਘੜੁੱਕੇ ਨਾਲ ਟਕਰਾਉਣ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦੇ ਵਾਪਰਨ ਸਮੇਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੋਵਾਂ ਨੂੰ ਇਲਾਜ ਲਈ ਕਿਸੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘੜੁੱਕਾ ਚਾਲਕ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੰਡੀ ਘੁਬਾਇਆ ਚੌਕੀ ਦੀ ਪੁਲਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਾਜ਼ਿਲਕਾ, (ਨਾਗਪਾਲ, ਲੀਲਾਧਰ)—ਪਿੰਡ ਚੁਵਾੜਿਆਂਵਾਲੀ ਦੇ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਭਾਗੀਰਥ ਰਾਮ (55) ਵਾਸੀ ਪਿੰਡ ਚੁਵਾੜਿਆਂਵਾਲੀ ਦੇ ਭਰਾ ਕੁੰਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਪਿੰਡ ਦੇ ਨੇੜੇ ਕੰਬਾਈਨ ਠੀਕ ਹੋ ਰਹੀ ਸੀ ਅਤੇ ਉਸ ਦਾ ਭਰਾ ਫਾਜ਼ਿਲਕਾ ਸ਼ਹਿਰ ਵਿਚ ਮੋਟਰਸਾਈਕਲ 'ਤੇ ਕੰਬਾਈਨ ਦਾ ਸਾਮਾਨ ਲੈਣ ਲਈ ਗਿਆ ਸੀ। ਜਦੋਂ ਉਸ ਦਾ ਭਰਾ ਸ਼ਾਮ ਦੇ ਸਮੇਂ ਮੋਟਰਸਾਈਕਲ 'ਤੇ ਵਾਪਸ ਪਿੰਡ ਵੱਲ ਆ ਰਿਹਾ ਸੀ ਤਾਂ ਪਿੰਡ ਦੇ ਨੇੜੇ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਿਆ ਅਤੇ ਸਿਰ 'ਤੇ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਟੱਕਰ ਹੋਣ ਉਪਰੰਤ ਕਾਰ ਚਾਲਕ ਆਪਣੀ ਕਾਰ ਘਟਨਾ ਵਾਲੇ ਸਥਾਨ 'ਤੇ ਛੱਡ ਕੇ ਫਰਾਰ ਹੋ ਗਿਆ।
