ਪੈਸਟੀਸਾਈਡ ਦੁਕਾਨਦਾਰਾਂ ਨੇ ਕੀਤੀ 2 ਰੋਜ਼ਾ ਹੜਤਾਲ

Saturday, Aug 12, 2017 - 01:33 AM (IST)

ਪੈਸਟੀਸਾਈਡ ਦੁਕਾਨਦਾਰਾਂ ਨੇ ਕੀਤੀ 2 ਰੋਜ਼ਾ ਹੜਤਾਲ

ਰਾਮਾਂ ਮੰਡੀ,   (ਪਰਮਜੀਤ)-  ਖੇਤੀਬਾੜੀ ਵਿਭਾਗ ਦੇ ਕਹਿਣ 'ਤੇ ਪੰਜਾਬ ਪੁਲਸ ਵੱਲੋਂ ਪੈਸਟੀਸਾਈਡ ਦੁਕਾਨਦਾਰਾਂ 'ਤੇ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ 'ਚ ਅੱਜ ਸਥਾਨਕ ਸ਼ਹਿਰ ਦੇ ਸਮੂਹ ਸੀਡ ਅਤੇ ਪੈਸਟੀਸਾਈਡ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਖੇਤੀਬਾੜੀ ਮਹਿਕਮੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਕ੍ਰਿਸ਼ਨ ਲਾਲ ਭਾਗੀਵਾਂਦਰ, ਤਰਸੇਮ ਚੰਦ ਬਾਂਸਲ, ਅਸ਼ੋਕ ਕੁਮਾਰ ਵੀਨੂੰ ਭਾਗੀਵਾਂਦਰ, ਪ੍ਰਧਾਨ ਸੁਖਦੇਵ ਰਾਜ ਕੱਦੀ, ਸੰਦੀਪ ਮਿੱਤਲ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਸਾਰੇ ਦੁਕਾਨਦਾਰ ਕੰਪਨੀਆਂ ਦੀਆਂ ਦਵਾਈਆਂ ਕਿਸਾਨਾਂ ਨੂੰ ਬਿੱਲ 'ਤੇ ਵੇਚ ਰਹੇ ਹਨ ਪਰ ਕੁਝ ਕਿਸਾਨ ਬਾਹਰਲੇ ਰਾਜਾਂ ਤੋਂ ਕੀਟਨਾਸ਼ਕ ਦਵਾਈਆਂ ਲਿਆ ਕੇ ਆਪਣੀਆਂ ਫਸਲਾਂ 'ਤੇ ਛਿੜਕਾਅ ਕਰ ਰਹੇ ਹਨ। ਜਦੋਂ ਕਿਸਾਨ ਦੀ ਫਸਲ ਖ਼ਰਾਬ ਹੋ ਜਾਂਦੀ ਹੈ ਤਾਂ ਖੇਤਾਬਾੜੀ ਵਿਭਾਗ ਵੱਲੋਂ ਪੁਲਸ ਦੀ ਮਦਦ ਨਾਲ ਪੈਸਟੀਸਾਈਡ ਦਵਾਈ ਵਿਕ੍ਰੇਤਾ ਦੀਆਂ ਦੁਕਾਨਾਂ 'ਤੇ ਜਾ ਕੇ ਦਵਾਈਆਂ ਦੇ ਸੈਂਪਲ ਭਰ ਕੇ ਡੀਲਰਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਮੰਦਭਾਗੀ ਕਾਰਵਾਈ ਹੈ।
ਡੀਲਰਾਂ ਨੇ ਦੱਸਿਆ ਕਿ ਉਹ ਦਵਾਈਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਇਹ ਦਵਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜਿਹੜੀਆਂ ਦਵਾਈਆਂ ਖੇਤੀਬਾੜੀ ਵਿਭਾਗ ਸਿਫਾਰਿਸ਼ ਕਰ ਰਿਹਾ ਹੈ, ਉਹ ਨਰਮੇ 'ਤੇ ਅਸਰ ਨਹੀਂ ਕਰ ਰਹੀਆਂ। ਜਿਹੜੀਆਂ ਕੀਟਨਾਸ਼ਕ ਦਵਾਈਆਂ ਨਰਮੇ 'ਤੇ ਜੂੰ ਦੇ ਹਮਲੇ ਨੂੰ ਰੋਕਣ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਰਹੀਆਂ ਹਨ, ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵੇਚਣ ਤੋਂ ਰੋਕਦਾ ਹੈ, ਜਦੋਂ ਕਿ ਕਿਸਾਨ ਉਨ੍ਹਾਂ ਦਵਾਈਆਂ ਦੀ ਮੰਗ ਕਰ ਰਹੇ ਹਨ। 
ਕੀ ਮੰਗ ਹੈ ਪੈਸਟੀਸਾਈਡ ਡੀਲਰਾਂ ਦੀ
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਪੈਸਟੀਸਾਈਡ ਤੇ ਸੀਡ ਐਸੋਸੀਏਸ਼ਨ ਦੇ ਡੀਲਰਾਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਕੀਟਨਾਸ਼ਕ ਦਵਾਈਆਂ 'ਤੇ ਲੱਗੀ ਰੋਕ ਹਟਾ ਕੇ ਵਿਕਰੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਡੀਲਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਪੈਸਟੀਸਾਈਡ ਤੇ ਸੀਡ ਯੂਨੀਅਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।


Related News