2 ਕਰੋੜ ਦੀ ਹੈਰੋਇਨ ਸਮੇਤ ਐਕਟਿਵਾ ਸਵਾਰ 2 ਕਾਬੂ
Monday, Dec 04, 2017 - 08:06 AM (IST)
ਲੁਧਿਆਣਾ, (ਰਾਮ)- ਲੁਧਿਆਣਾ ਦੀ ਐੱਸ. ਟੀ. ਐੱਫ. ਦੀ ਸਪੈਸ਼ਲ ਟਾਸਕ ਫੋਰਸ ਯੂਨਿਟ ਵੱਲੋਂ 2 ਐਕਟਿਵਾ ਸਵਾਰ ਨੌਜਵਾਨਾਂ ਨੂੰ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ। ਐਕਟਿਵਾ ਸਵਾਰ ਨੌਜਵਾਨਾਂ ਦੀ ਪਛਾਣ ਰਵੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮਹਾ ਸਿੰਘ ਨਗਰ ਤੇ ਹਰਮਨਪ੍ਰੀਤ ਸਿੰਘ ਉਰਫ ਬਾਦਸ਼ਾਹ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਕਲਗੀਧਰ ਮਾਰਗ, ਸ਼ਿਮਲਾਪੁਰੀ ਦੇ ਰੂਪ 'ਚ ਹੋਈ ਹੈ।
ਐੱਸ. ਟੀ. ਐੱਫ. ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ 'ਚ ਟੀਮ ਸ਼ਨੀਦੇਵ ਮੰਦਰ, ਪੁੱਡਾ ਗਰਾਊਂਡ ਸੈਕਟਰ-39 ਚੰਡੀਗੜ੍ਹ ਰੋਡ 'ਤੇ ਮੌਜੂਦ ਸੀ। ਇਸ ਦੌਰਾਨ ਇਕ ਐਕਟਿਵਾ ਸਵਾਰ 2 ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਦੋਂ ਪੁਲਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਕਰੀਬ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 2 ਕਰੋੜ ਰੁਪਏ ਹੈ। ਪੁਲਸ ਨੇ ਦੋਵੇਂ ਐਕਟਿਵਾ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਖਿਲਾਫ ਥਾਣਾ ਮੋਤੀ ਨਗਰ 'ਚ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
