ਕਾਲ ਸੈਂਟਰ ਦੀ ਮਹਿਲਾ ਕਰਮਚਾਰੀ ਨਾਲ ਗੈਂਗਰੇਪ ਦੇ ਮਾਮਲੇ ''ਚ 2 ਦੋਸ਼ੀ ਕਰਾਰ

08/02/2019 1:51:55 AM

ਚੰਡੀਗੜ੍ਹ (ਸੰਦੀਪ)-ਕਾਲ ਸੈਂਟਰ ਦੀ ਕਰਮਚਾਰੀ 21 ਸਾਲਾ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਮੂਲ ਰੂਪ ਤੋਂ ਯੂ. ਪੀ. ਦੇ ਰਹਿਣ ਵਾਲੇ ਮੁਹੰਮਦ ਇਰਫਾਨ ਅਤੇ ਕਮਲ ਹਸਨ ਉਰਫ ਦਿਲਦਿਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਦੋਸ਼ੀਆਂ ਨੂੰ 7 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਦਸੰਬਰ 2016 'ਚ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਸੀ। ਥਾਣਾ ਪੁਲਸ ਨੇ ਇਸ ਕੇਸ 'ਚ ਪਹਿਲਾਂ ਸੈਕਟਰ-52 ਨਿਵਾਸੀ ਵਸੀਮ ਮਲਿਕ ਨੂੰ ਗ੍ਰਿਫਤਾਰ ਕੀਤਾ ਸੀ ਪਰ ਬਾਅਦ 'ਚ ਕੇਸ 'ਚ ਦੋਸ਼ੀ ਮੁਹੰਮਦ ਇਰਫਾਨ ਦਾ ਡੀ. ਐੱਨ. ਏ. ਸੈਂਪਲ ਮੈਚ ਹੋਣ ਅਤੇ ਵਸੀਮ ਦਾ ਡੀ. ਐੱਨ. ਏ. ਮੈਚ ਨਾ ਹੋਣ ਅਤੇ ਹੋਰ ਤੱਥਾਂ ਦੇ ਆਧਾਰ 'ਤੇ ਵਸੀਮ ਮਲਿਕ ਨੂੰ ਕੇਸ ਤੋਂ ਡਿਸਚਾਰਜ ਕੀਤਾ ਗਿਆ ਸੀ, ਜਦੋਂਕਿ ਕੇਸ 'ਚ ਦੋਸ਼ੀ ਮੁਹੰਮਦ ਇਰਫਾਨ ਨੂੰ ਗ੍ਰਿਫਤਾਰ ਕਰ ਕੇ ਬਾਅਦ 'ਚ ਉਸ ਦੇ ਸਾਥੀ ਕਮਲ ਹਸਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਦੋਸ਼ੀ ਮੁਹੰਮਦ ਇਰਫਾਨ ਨੂੰ ਪਹਿਲਾਂ ਵੀ ਇਕ ਗੈਂਗਰੇਪ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਪਿਕਾਡਲੀ ਚੌਕ ਤੋਂ ਕਿਰਾਏ 'ਤੇ ਲਿਆ ਸੀ ਆਟੋ
ਦਸੰਬਰ 2016 'ਚ ਪੁਲਸ ਵਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਸੈਕਟਰ-34 ਸਥਿਤ ਇਕ ਕਾਲ ਸੈਂਟਰ 'ਚ ਕੰਮ ਕਰਨ ਵਾਲੀ 21 ਸਾਲਾ ਪੀੜਤਾ 13 ਦਸੰਬਰ ਦੀ ਰਾਤ ਦੇ ਕਰੀਬ 8 ਵਜੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਪਿਕਾਡਲੀ ਚੌਰਾਹੇ 'ਤੇ ਪਹੁੰਚੀ। ਇੱਥੇ ਚੌਰਾਹੇ ਤੋਂ ਉਸ ਨੇ ਹੱਲੋਮਾਜਰਾ ਤੱਕ ਜਾਣ ਲਈ ਆਟੋ ਹਾਇਰ ਕੀਤਾ। ਜਿਸ ਸਮੇਂ ਉਹ ਆਟੋ 'ਚ ਬੈਠੀ ਤਾਂ ਉਸ ਸਮੇਂ ਆਟੋ 'ਚ ਉਸ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਬਤੌਰ ਸਵਾਰੀ ਬੈਠਾ ਹੋਇਆ ਸੀ। ਆਇਰਨ ਮਾਰਕੀਟ ਚੌਰਾਹੇ 'ਤੇ ਪਹੁੰਚਣ ਤੋਂ ਬਾਅਦ ਆਟੋ ਚਾਲਕ ਨੇ ਕੋਈ ਬਹਾਨਾ ਲਾਉਂਦੇ ਹੋਏ ਆਟੋ ਨੂੰ ਸੈਕਟਰ-29 'ਚ ਸਲਿਪ ਰੋਡ 'ਤੇ ਲੈ ਲਿਆ। ਇੱਥੇ ਸੜਕ ਕੰਢੇ ਜੰਗਲ ਏਰੀਆ ਆਉਣ 'ਤੇ ਆਟੋ ਚਾਲਕ ਨੇ ਅਚਾਨਕ ਆਟੋ ਨੂੰ ਸੜਕ ਕੰਢੇ ਰੋਕ ਲਿਆ।

PunjabKesari

ਇਸ ਤੋਂ ਪਹਿਲਾਂ ਕਿ ਪੀੜਤਾ ਕੁਝ ਸਮਝ ਸਕਦੀ ਉਸ ਨਾਲ ਆਟੋ 'ਚ ਬਤੌਰ ਸਵਾਰੀ ਬੈਠੇ ਵਿਅਕਤੀ ਨੇ ਉਸ 'ਤੇ ਚਾਕੂ ਤਾਣ ਦਿੱਤਾ। ਦੋਵੇਂ ਚਾਕੂ ਦੇ ਦਮ 'ਤੇ ਉਸ ਨੂੰ ਡਰਾ-ਧਮਕਾ ਕੇ ਆਪਣੇ ਨਾਲ ਜੰਗਲ ਅੰਦਰ ਲੈ ਗਏ। ਇੱਥੇ ਦੋਵਾਂ ਨੇ ਉਸ ਨਾਲ ਰੇਪ ਕੀਤਾ। ਇਸ ਦੌਰਾਨ ਇਕ ਮੁਲਜ਼ਮ ਨੇ ਉਸ ਦੀ ਮੋਬਾਇਲ 'ਚ ਵੀਡੀਓ ਵੀ ਬਣਾਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵਾਂ ਨੇ ਲੜਕੀ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਹ ਉਸ ਦੀ ਬਣਾਈ ਗਈ ਵੀਡੀਓ ਨੂੰ ਇੰਟਰਨੈੱਟ 'ਤੇ ਵਾਇਰਲ ਕਰ ਦੇਣਗੇ। ਪੁਲਸ ਨੇ ਸੈਕਟਰ-52 ਦੇ ਰਹਿਣ ਵਾਲੇ ਵਸੀਮ ਮਲਿਕ ਨੂੰ ਇਸ ਕੇਸ 'ਚ ਗ੍ਰਿਫਤਾਰ ਕੀਤਾ ਸੀ ਪਰਕੇਸ ਦੇ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਸੀਮ ਮਲਿਕ ਕੇਸ 'ਚੋਂ ਡਿਸਚਾਰਜ ਕਰ ਦਿੱਤਾ ਗਿਆ ਪਰ ਇਸ ਦੌਰਾਨ ਵਸੀਮ ਨੂੰ ਬੇਸਕਸੂਰ ਹੋਣ ਦੇ ਬਾਵਜੂਦ ਵੀ ਡੇਢ ਸਾਲ ਜੇਲ 'ਚ ਗੁਜ਼ਾਰਨਾ ਪਿਆ।

ਪਹਿਲਾਂ ਵੀ ਸੁਣਾਈ ਜਾ ਚੁੱਕੀ ਹੈ ਉਮਰ ਕੈਦ ਦੀ ਸਜ਼ਾ
ਕੇਸ 'ਚ ਦੋਸ਼ੀ ਮੁਹੰਮਦ ਇਰਫਾਨ ਨੂੰ ਇਸ ਤੋਂ ਪਹਿਲਾਂ ਵੀ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ 'ਚ ਉਸ ਦੇ ਹੋਰ 2 ਸਾਥੀਆਂ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਨਵੰਬਰ 2017 ਨੂੰ ਮੋਹਾਲੀ 'ਚ ਬਤੌਰ ਪੀ. ਜੀ. ਰਹਿਣ ਵਾਲੀ ਵਿਦਿਆਰਥਣ ਜੋ ਕਿ ਸੈਕਟਰ-37 ਸਥਿਤ ਇਕ ਨਿੱਜੀ ਅਦਾਰੇ 'ਚ ਕੰਪਿਊਟਰ ਕੋਰਸ ਕਰ ਰਹੀ ਸੀ, ਨੇ ਵਾਰਦਾਤ ਦੀ ਰਾਤ ਕਰੀਬ 7.30 ਵਜੇ ਸੈਕਟਰ-37 ਤੋਂ ਮੋਹਾਲੀ ਜਾਣ ਲਈ ਆਟੋ ਹਾਇਰ ਕੀਤਾ ਸੀ। ਇਸ ਦੌਰਾਨ ਆਟੋ 'ਚ 2 ਵਿਅਕਤੀ ਬਤੌਰ ਸਵਾਰੀ ਪਹਿਲਾਂ ਤੋਂ ਹੀ ਬੈਠੇ ਹੋਏ ਸਨ। ਆਟੋ ਚਾਲਕ ਅਤੇ ਉਨ੍ਹਾਂ ਦੋਵਾਂ ਨੇ ਮਿਲ ਕੇ ਉਸ ਵਿਦਿਆਰਥਣ ਨੂੰ ਸੈਕਟਰ-53 ਦੇ ਜੰਗਲ ਏਰੀਏ 'ਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੂੰ ਸੈਕਟਰ-36 ਥਾਣਾ ਪੁਲਸ ਨੇ ਇਸ ਕੇਸ 'ਚ ਮੁਹੰਮਦ ਇਰਫਾਨ, ਮੁਹੰਮਦ ਗਰੀਬ ਅਤੇ ਕਿਸਮਤ ਅਲੀ ਨੂੰ ਗ੍ਰਿਫਤਾਰ ਕੀਤਾ ਸੀ। ਤਿੰਨਾਂ ਨੂੰ ਕੇਸ 'ਚ ਦੋਸ਼ੀ ਪਾਉਂਦੇ ਹੋਏ ਜ਼ਿਲਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


Karan Kumar

Content Editor

Related News