ਹੈਰੋਇਨ ਤੇ ਨਸ਼ੀਲੇ ਪਾਊਡਰ ਸਮੇਤ 2 ਕਾਬੂ
Friday, Apr 06, 2018 - 03:47 AM (IST)

ਰਈਆ, (ਹਰਜੀਪ੍ਰੀਤ)- ਲਖਵਿੰਦਰ ਸਿੰਘ ਮੱਲ ਡੀ. ਐੱਸ. ਪੀ. ਬਾਬਾ ਬਕਾਲਾ ਦੀਆਂ ਹਦਾਇਤਾਂ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਕਿਰਨਦੀਪ ਸਿੰਘ ਸੰਧੂ ਐੱਸ. ਐੱਚ. ਓ. ਬਿਆਸ ਤੇ ਆਗਿਆਪਾਲ ਸਿੰਘ ਚੌਕੀ ਇੰਚਾਰਜ ਰਈਆ ਦੀ ਅਗਵਾਈ ਹੇਠ ਲਾਏ ਗਏ ਨਾਕੇ ਦੌਰਾਨ ਇਕ ਔਰਤ ਤੇ ਉਸ ਦੇ ਡਰਾਈਵਰ ਨੂੰ 100 ਗ੍ਰਾਮ ਹੈਰੋਇਨ ਤੇ ਡੇਢ ਸੌ ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸੁਖਰਾਜ ਕੌਰ ਪਤਨੀ ਸੰਦੀਪ ਸਿੰਘ ਵਾਸੀ ਲੁਹਾਰਕਾ ਰੋਡ ਅੰਮ੍ਰਿਤਸਰ ਤੇ ਉਸ ਦੇ ਡਰਾਈਵਰ ਦਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਵਰਨਾ ਕਾਰ 'ਚ ਇਹ ਮਾਲ ਲੈ ਕੇ ਆ ਰਹੇ ਸਨ। ਪੁਲਸ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾ ਲਾਇਆ ਹੋਇਆ ਸੀ, ਜਦ ਇਨ੍ਹਾਂ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਇਹ ਸਾਮਾਨ ਬਰਾਮਦ ਹੋਇਆ। ਪੁਲਸ ਨੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।