ਥਾਣੇ ਤੋਂ ਥੋੜ੍ਹੀ ਦੂਰ ਬਦਮਾਸ਼ਾਂ ਨੇ ਦਿਖਾਈ ਗੁੰਡਾਗਰਦੀ, 2 ਭਰਾਵਾਂ ਨਾਲ ਕੀਤੀ ਕੁੱਟਮਾਰ

9/24/2020 2:55:25 PM

ਲੁਧਿਆਣਾ (ਤਰੁਣ) : ਥਾਣੇ ਤੋਂ ਚੰਦ ਕਦਮ ਦੂਰ 7-8 ਬਦਮਾਸ਼ਾਂ ਨੇ ਇਕ ਦੁਕਾਨ ’ਚ ਦਾਖ਼ਲ ਹੋ ਕੇ ਗੁੰਡਾਗਰਦੀ ਦਿਖਾਉਂਦੇ ਹੋਏ 2 ਭਰਾਵਾਂ ਨਾਲ ਜੰਮ ਕੇ ਕੁੱਟਮਾਰ ਕੀਤੀ। ਹਮਲਾਵਰਾਂ ਨੇ ਦੋਵੇਂ ਭਰਾਵਾਂ ਨੂੰ ਜ਼ਖਮੀਂ ਕਰਨ ਤੋਂ ਬਾਅਦ ਦੁਕਾਨ 'ਚ ਪਏ ਸਮਾਨ ਦੀ ਭੰਨ-ਤੋੜ ਕੀਤੀ। ਇਸ ਦੌਰਾਨ ਬਦਮਾਸ਼ਾਂ ਨੇ ਗੱਲੇ 'ਚ ਪਈ ਨਕਦੀ ਚੋਰੀ ਕਰ ਲਈ ਅਤੇ ਪੀੜਤ ਦੇ ਗਲੇ ’ਚੋਂ ਸੋਨੇ ਦੀ ਚੇਨ ਖੋਹ ਲਈ।

ਘਟਨਾ ਦੁਪਹਿਰ ਕਰੀਬ ਡੇਢ ਵਜੇ ਥਾਣਾ ਡਵੀਜ਼ਨ ਨੰਬਰ-4 ਤੋਂ ਚੰਦ ਕਦਮ ਦੂਰ ਵਿਜੇ ਕੰਪਲੈਕਸ ਸਥਿਤ ਆਰ. ਕੇ. ਸੰਨਜ਼ ਨਾਮੀ ਦੁਕਾਨ ਦੀ ਹੈ। ਪੀੜਤ ਰਾਹੁਲ ਕਪੂਰ ਨੇ ਦੱਸਿਆ ਕਿ ਮਾਰਕਿਟ ਦੇ ਕੋਲ ਉਸ ਦੀ ਜਿੱਪ ਦੀ ਦੁਕਾਨ ਹੈ। ਕਰੀਬ ਸਵਾ ਮਹੀਨਾ ਪਹਿਲਾਂ ਇਕ ਵਿਅਕਤੀ ਨੇ ਉਸ ਨੂੰ ਜਿੱਪ ਬਣਾਉਣ ਦਾ ਆਰਡਰ ਦਿੱਤਾ। ਉਸ ਨੇ ਆਰਡਰ ਮੁਤਾਬਕ ਜਿੱਪ ਬਣਾ ਦਿੱਤੀ। ਉਕਤ ਵਿਅਕਤੀ ਨੇ ਬਿਨਾਂ ਨਕਦੀ ਦਿੱਤੇ ਮਾਲ ਦੀ ਮੰਗ ਕੀਤੀ ਤਾਂ ਉਸ ਨੇ ਮਨ੍ਹਾ ਕਰ ਦਿੱਤਾ।

ਇਸ ਗੱਲ ਤੋਂ ਨਾਰਾਜ਼ ਵਿਅਕਤੀ ਦੁਪਹਿਰ ਨੂੰ ਕੁੱਝ ਬਦਮਾਸ਼ਾਂ ਦੇ ਨਾਲ ਦੁਕਾਨ ਦੇ ਅੰਦਰ ਦਾਖ਼ਲ ਹੋਇਆ ਅਤੇ ਗਾਲੀ-ਗਲੋਚ ਦੇ ਨਾਲ ਕੁੱਟਮਾਰ ਕਰਨ ਲੱਗਾ। ਵਿੱਚ-ਬਚਾਅ ਕਰਨ ਆਏ ਉਸ ਦੇ ਭਰਾ ਸ਼ੈਂਕੀ ਅਤੇ ਪਿਤਾ ਦੇ ਨਾਲ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਡੰਡਿਆਂ ਨਾਲ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਗੱਲੇ 'ਚ ਪਈ ਕਰੀਬ 2 ਲੱਖ ਦੀ ਨਕਦੀ ਅਤੇ ਉਸ ਦੇ ਗਲੇ 'ਚ ਪਹਿਨੀ ਸੋਨੇ ਦੀ ਚੇਨ ਖੋਹ ਲਈ। ਹਮਲਾਵਰ ਉਸ ਨੂੰ ਧਮਕਾਉਂਦੇ ਹੋਏ ਫਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੂੰ ਥਾਣਾ ਡਵੀਜ਼ਨ ਨੰ.-4 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
 


Babita

Content Editor Babita