ਪੰਜਾਬ ਪੁਲਸ ਦੇ 2 ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

Friday, May 26, 2023 - 11:49 AM (IST)

ਪੰਜਾਬ ਪੁਲਸ ਦੇ 2 ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ, ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਚੰਡੀਗੜ੍ਹ/ਮੋਹਾਲੀ (ਰਮਨਜੀਤ ਸਿੰਘ, ਪਰਦੀਪ) : ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਪੰਜਾਬ ਪੁਲਸ ਦੇ ਦੋ ਸਹਾਇਕ ਸਬ-ਇੰਸਪੈਕਟਰਾਂ (ਏ. ਐੱਸ. ਆਈ.) ਬਲਜਿੰਦਰ ਸਿੰਘ ਮੰਡ ਇੰਚਾਰਜ ਪੁਲਸ ਚੌਕੀ, ਫੇਜ਼-6, ਐੱਸ. ਏ. ਐੱਸ. ਨਗਰ ਅਤੇ ਇਸੇ ਪੁਲਸ ਚੌਕੀ ਵਿਚ ਤਾਇਨਾਤ ਉਸ ਦੇ ਸਾਥੀ ਏ. ਐੱਸ. ਆਈ. ਕੁਲਦੀਪ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮਾਂ ਨੂੰ ਰਵਿੰਦਰ ਕੁਮਾਰ ਵਾਸੀ ਮੁੰਡੀਆਂ ਕਲਾਂ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੱਸਿਆ ਕਿ ਉਸ ਦੇ ਪਾਰਸ ਨਾਮ ਦੇ ਦੋਸਤ ਨੂੰ ਉਕਤ ਥਾਣਾ ਇੰਚਾਰਜ ਨੇ ਸ਼ਰਾਬ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵੇਂ ਪੁਲਸ ਮੁਲਾਜ਼ਮ ਅਦਾਲਤ ਤੋਂ ਪਾਰਸ, ਜਿਸ ਦਾ ਆਉਣ ਵਾਲੇ ਦਿਨਾਂ ਵਿਚ ਵਿਆਹ ਹੋਣਾ ਤੈਅ ਸੀ, ਦੀ ਜ਼ਮਾਨਤ ਕਰਾਉਣ ਵਿਚ ਮਦਦ ਕਰਨ ਬਦਲੇ ਪਹਿਲਾਂ ਹੀ ਵੱਖ-ਵੱਖ ਤਰੀਕਾਂ ’ਤੇ 45,000 ਰੁਪਏ ਲੈ ਚੁੱਕੇ ਹਨ। 

ਇਹ ਵੀ ਪੜ੍ਹੋ- CM ਮਾਨ ਦੇ ਅਲਟੀਮੇਟਮ ਤੋਂ ਬਾਅਦ ਬੋਲੇ ਸਾਬਕਾ CM ਚੰਨੀ, ਆਖੀ ਇਹ ਗੱਲ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਪੁਲਸ ਮੁਲਾਜ਼ਮ ਹੁਣ ਇਸੇ ਸ਼ਰਾਬ ਦੇ ਮਾਮਲੇ ਵਿਚ ਪਾਰਸ ਦੇ ਨਾਲ ਉਸ ਦੇ ਇਕ ਹੋਰ ਦੋਸਤ ਹਰਮੀਤ ਸਿੰਘ ਨੂੰ ਬਤੌਰ ਸਹਿ-ਮੁਲਜ਼ਮ ਸ਼ਾਮਲ ਨਾ ਕਰਨ ਬਦਲੇ 50 ਹਜ਼ਾਰ ਰੁਪਏ ਹੋਰ ਮੰਗ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਉਡਣ ਦਸਤਾ-1, ਪੰਜਾਬ, ਐੱਸ. ਏ. ਐੱਸ. ਨਗਰ ਦੀ ਟੀਮ ਨੇ ਜਾਲ ਵਿਛਾਇਆ ਅਤੇ ਪੁਲਸ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ। ਇਸ ਦੇ ਨਾਲ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਅਤੇ ਬਲਜਿੰਦਰ ਸਿੰਘ ਮੰਡ ਦੇ ਸਾਥੀ ਕਰਮਚਾਰੀ ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਵੀ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ-  CM ਮਾਨ ਦਾ ਧਮਾਕੇਦਾਰ ਟਵੀਟ, ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤੱਕ ਦਾ ਅਲਟੀਮੇਟਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News