ਨਾਲਾਗੜ੍ਹ ਕੋਰਟ ਕੰਪਲੈਕਸ ਫਾਇਰਿੰਗ ਮਾਮਲਾ: ਪੁਲਸ 'ਤੇ ਗੋਲੀ ਚਲਾਉਣ ਵਾਲਿਆਂ ਨੂੰ ਪਨਾਹ ਦੇਣ ਦੇ ਦੋਸ਼ 'ਚ 2 ਕਾਬੂ
Thursday, Sep 08, 2022 - 02:21 PM (IST)
 
            
            ਮੋਗਾ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਕੋਰਟ ਕੰਪਲੈਕਸ 'ਚ ਮਿੱਡੂ ਖੇੜਾ ਦੇ ਕਾਤਲਾਂ ਨੂੰ ਪੇਸ਼ੀ ਦੌਰਾਨ ਛੁਡਵਾਉਣ ਲਈ ਪੁਲਸ 'ਤੇ ਫਾਇਰਿੰਗ ਕਰ ਫ਼ਰਾਰ ਹੋਏ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ 2 ਲੋਕਾਂ ਨੂੰ ਪੁਲਸ ਨੇ ਅਸਲੇ ਸਣੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਸਰਕਾਰੀ ਕਾਲਜ 'ਚ ਚਪੜਾਸੀ ਦੇ ਤੌਰ 'ਤੇ ਤਾਇਨਾਤ ਸਨ। ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਰਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮਿੱਡੂਖੇੜਾ ਕਤਲ ਮਾਮਲੇ ਨਾਲ ਸਬੰਧਿਤ ਦੋਸ਼ੀਆਂ ਦੀ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤ 'ਚ ਕਿਸੇ ਦੂਸਰੇ ਮਾਮਲੇ 'ਚ ਪੇਸ਼ੀ ਸੀ ।
ਇਹ ਵੀ ਪੜ੍ਹੋ : DC ਤੇ SSP ਨੇ ਧਾਰਮਿਕ ਅਸਥਾਨ 'ਤੇ ਕਬਜ਼ੇ ਬਾਰੇ ਸੋਸ਼ਲ ਮੀਡੀਆ ਅਫ਼ਵਾਹਾਂ ਤੋਂ ਲੋਕਾਂ ਨੂੰ ਕੀਤਾ ਸੁਚੇਤ
ਉਥੇ ਪਰਗਟ ਸਿੰਘ ਵਾਸੀ ਪਿੰਡ ਖੋਜੇ ਮਾਜਰਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸਣੇ ਉਸਦੇ ਕੁਝ ਹੋਰ ਸਾਥੀਆਂ ਨੇ ਮੁਲਜ਼ਮਾਂ ਨੂੰ ਛੁਡਵਾਉਣ ਲਈ ਕੋਰਟ ਕੰਪਲੈਕਸ ਦੇ ਬਾਹਰ ਪੁਲਸ 'ਤੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪਰਗਟ ਸਿੰਘ ਪੁਲਸ 'ਤੇ ਫਾਇਰਿੰਗ ਕਰਨ ਤੋਂ ਬਾਅਦ ਕਸਬਾ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ 'ਚ ਸਰਕਾਰੀ ਡਿਗਰੀ ਕਾਲਜ 'ਚ ਤਾਇਨਾਤ ਚਪੜਾਸੀ ਹਰਜਿੰਦਰ ਸਿੰਘ ਤੇ ਰਾਹੁਲ ਦੀਪ ਸਿੰਘ ਦੇ ਕੋਲ 30 ਅਗਸਤ ਨੂੰ ਆ ਕੇ ਰੁਕਿਆ ਸੀ। ਪੁਲਸ ਪਰਗਟ ਸਿੰਘ ਦਾ ਪਿੱਛਾ ਕਰਦੇ ਹੋਏ ਪੱਤੋ ਹੀਰਾ ਸਿੰਘ ਜਾ ਪਹੁੰਚੀ।
ਸੋਸ਼ਲ ਮੀਡੀਆ ਦੋਸਤ ਜੱਸੂ ਦੇ ਕਹਿਣ 'ਤੇ ਪਰਗਟ ਸਿੰਘ ਨੂੰ ਹਰਜਿੰਦਰ ਸਿੰਘ ਨੇ ਆਪਣੇ ਘਰ ਰੱਖਿਆ ਸੀ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਲਜ ਦੇ ਚਪੜਾਸੀ ਹਰਜਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਦੇ ਦੋਸਤ ਜਸਪ੍ਰੀਤ ਸਿੰਘ ਜੱਸੂ ਦੇ ਕਹਿਣ 'ਤੇ ਪਰਗਟ ਸਿੰਘ ਨੂੰ ਦੋ-ਤਿੰਨ ਦਿਨਾਂ ਲਈ ਆਪਣੇ ਘਰ ਰੱਖਿਆ ਸੀ। 31 ਅਗਸਤ ਨੂੰ ਦਿੱਲੀ ਪੁਲਸ ਨੇ ਹਰਜਿੰਦਰ ਸਿੰਘ ਦੇ ਘਰੋਂ ਪਰਗਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਨਿਹਾਲ ਸਿੰਘ ਵਾਲਾ ਪੁਲਸ ਨੇ ਹਰਜਿੰਦਰ ਸਿੰਘ ਤੇ ਉਸ ਦੇ ਸਾਥੀ ਰਾਹੁਲ ਨੂੰ ਗ੍ਰਿਫ਼ਤਾਰ ਕਰਕੇ  ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਸਾਹਮਣੇ ਆਇਆ ਕਿ ਪਰਗਟ ਸਿੰਘ ਆਪਣਾ 32 ਬੋਰ ਦਾ ਅਸਲਾ, 6 ਜ਼ਿੰਦਾ ਕਾਰਤੂਸ ਤੇ ਇੱਕ ਮੋਟਰਸਾਈਕਲ ਛੱਡ ਗਿਆ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਾਤਾਰ ਕਰ ਲਿਆ ਹੈ। 
ਪੰਜਾਬ ਦੇ ਗੈਂਗਸਟਰਾਂ ਦਾ ਅੱਤਵਾਦੀ ਕਨੈਕਸ਼ਨ
ਨਾਲਾਗੜ੍ਹ ਕੋਰਟ ਫਾਇਰਿੰਗ ਮਾਮਲੇ 'ਚ ਦਿੱਲੀ ਪੁਲਸ ਨੇ ਪੰਜਾਬ, ਹਰਿਆਣਾ ਸਣੇ ਕਈ ਸੂਬਿਆਂ ਦੀਆਂ ਗੈਂਗਾਂ ਦੇ ਕਰੀਬੀਆਂ ਨੂੰ ਕਾਬੂ ਕੀਤਾ ਹੈ। ਦਿੱਲੀ ਪੁਲਸ ਨੇ ਦੋ ਨਾਮੀ ਬਦਮਾਸ਼ਾਂ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ 'ਚ ਇਕ ਮੁਲਜ਼ਮ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਨਾਲ ਸਬੰਧਤ ਹੈ। ਗੈਂਗ ਦਾ ਪਰਦਾਫਾਸ਼ ਦਿੱਲੀ ਪੁਲਸ ਕਾਊਂਟਰ ਇੰਟੈਲੀਜੈਂਸੀ ਦੇ ਸਪੈਸ਼ਲ ਸੈਲ ਦੇ ਏਸੀਪੀ ਰਾਹੁਲ ਵਿਕਰਮ ਦੀ ਅਗਵਾਈ 'ਚ ਟੀਮ ਨੇ ਕੀਤਾ।

ਬੁੱਧਵਾਰ ਨੂੰ ਦਿੱਲੀ 'ਚ ਸਪੈਸ਼ਲ ਸੈਲ ਦੇ ਕਮਿਸ਼ਨਰ ਆਫ਼ ਪੁਲਸ ਐਚ.ਜੀ.ਐਸ ਧਾਲੀਵਾਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਐਡਵਾਂਸ ਹਥਿਆਰ, 5 ਮੈਗਜ਼ੀਨ, 20 ਜ਼ਿੰਦਾ ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਦੋਸ਼ੀ ਗਗਨਦੀਪ ਸਿੰਘ ਕੋਲੋਂ ਗ੍ਰੇਨੇਡ, ਇਕ ਕਾਰ ਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਨਾਲਾਗੜ੍ਹ ਕੋਰਟ ਫਾਇਰਿੰਗ ਮਾਮਲੇ 'ਚ ਚਾਰ ਬਦਮਾਸ਼ ਸ਼ਾਮਲ ਸਨ, ਜਦਕਿ ਦੋ ਖ਼ਤਰਨਾਕ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਹਥਿਆਰ ਸਪਲਾਈ ਕਰਨ ਵਾਲੇ ਤੇ ਘਟਨਾ ਦੇ ਮਾਸਟਰ ਮਾਇੰਡ ਸੀ।
ਇਹ ਵੀ ਪੜ੍ਹੋ : VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼
ਦਿੱਲੀ ਪੁਲਸ ਅਨੁਸਾਰ ਨਾਲਾਗੜ੍ਹ ਕੋਰਟ ਫਾਇਰਿੰਗ ਮਾਮਲੇ 'ਚ 4 ਦੋਸ਼ੀ ਸ਼ਾਮਲ ਸਨ।ਇਨ੍ਹਾਂ 'ਚ ਵਕੀਲ ਊਰਫ ਬਿੱਲਾ ਵਾਸੀ ਕੈਥਲ ਹਰਿਆਣਾ, ਵਿਕਰਮ ਸਿੰਘ ਵਾਸੀ ਬੱਲੂ ਕੈਥਲ, ਪਰਗਟ ਸਿੰਘ ਖੋਜੇਮਾਜਰਾ ਫ਼ਤਹਿਗੜ੍ਹ ਸਾਹਿਬ ਪੰਜਾਬ ਤੇ ਗੁਰਜੰਤ ਸਿੰਘ  ਵਾਸੀ ਨੰਗਲ ਬਰਾਉਡੀ ਮੋਹਾਲੀ ਤੇ ਪਹਿਲਾਂ ਵੀ ਮਾਮਲੇ ਦਰਜ ਹਨ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            