ਨਸ਼ੀਲੀਆਂ ਗੋਲੀਆਂ, 1,77,000 ਰੁਪਏ ਦੀ ਡਰੱਗ ਮਨੀ ਸਮੇਤ 2 ਗ੍ਰਿਫਤਾਰ
Thursday, Jun 03, 2021 - 01:18 PM (IST)
ਫਾਜ਼ਿਲਕਾ (ਨਾਗਪਾਲ) : ਜ਼ਿਲ੍ਹਾ ਫਾਜ਼ਿਲਕਾ ਪੁਲਸ ਨੇ 1,15,350 ਨਸ਼ੇ ਵਾਲੀਆਂ ਗੋਲੀਆਂ, 51 ਕਿਲੋ ਪੋਸਤ, 1,77,000 ਰੁਪਏ ਦੀ ਡਰੱਗ ਮਨੀ, ਇਕ ਗੱਡੀ ਕਰੂਜ, ਇਕ ਟੈਕਟਰ ਤੇ ਇਕ ਮੋਟਸਾਈਕਲ ਬਰਾਮਦ ਕੀਤਾ ਹੈ। ਥਾਣਾ ਸਦਰ ’ਚ ਪ੍ਰੈੱਸ ਕਾਨਫਰੈਂਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਦਰ ਫਾਜ਼ਿਲਕਾ ਪਾਰਟੀ ਨੇ ਦੌਰਾਨੇ ਗਸ਼ਤ ਪਿੰਡ ਆਸਫ ਵਾਲਾ ਕੋਲ ਗੁਰਚਰਨ ਸਿੰਘ ਉਰਫ ਚੰਨੁ ਵਾਸੀ ਪਿੰਡ ਮੁਠਿਆਂ ਵਾਲੀ ਕੋਲੋਂ ਜਸਬੀਰ ਸਿੰਘ ਪੰਨੂ ਉਪ ਕਪਤਾਨ ਪੁਲਸ ਸਬ-ਡਿਵੀਜ਼ਨ ਫਾਜ਼ਿਲਕਾ ਦੀ ਹਾਜ਼ਰੀ ’ਚ 31 ਮਈ ਨੂੰ 1050 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪੁੱਛਗਿੱਛ ਕਰਨ ’ਤੇ ਉਸਨੇ ਦੱਸਿਆ ਕਿ ਉਹ ਨਸ਼ੇ ਵਾਲੀਆਂ ਗੋਲੀਆਂ ਵੇਚਣ ਲਈ ਰਵੀ ਵਾਸੀ ਪਿੰਡ ਪੱਤਰੇ ਵਾਲਾ ਤੋਂ ਖਰੀਦ ਕੇ ਲੈ ਕੇ ਆਉਂਦਾ ਹੈ। ਇਸ ’ਤੇ ਪੁਲਸ ਨੇ ਰਵਿੰਦਰ ਉਰਫ਼ ਰਵੀ ਨੂੰ ਮਾਮਲੇ ’ਚ ਨਾਮਜ਼ਦ ਕਰਨ ਮਗਰੋਂ ਉਸਦੇ ਘਰ ਰੇਡ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਅਤੇ ਉਸ ਪਾਸੋਂ 1,77,000 ਰੁਪਏ ਦੀ ਡੱਰਗ ਮਨੀ, 20,400 ਨਸ਼ੇ ਵਾਲੀਆਂ ਗੋਲੀਆਂ ਅਤੇ 21 ਕਿਲੋ ਪੋਸਤ ਬਰਾਮਦ ਕੀਤੀ।
ਇਹ ਵੀ ਪੜ੍ਹੋ : ਸਰਨਾ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕਰਨ ਦੀ ਕੀਤੀ ਮੰਗ
ਦੋਵਾਂ ਦੋਸ਼ੀਆਂ ਨੂੰ 1 ਜੂਨ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਰਿਮਾਂਡ ਦੌਰਾਨ ਰਵੀ ਪਾਸੋਂ ਪੁੱਛਗਿੱਛ ਕਰ ਕੇ ਉਸ ਪਾਸੋਂ ਵੱਖ-ਵੱਖ ਥਾਵਾਂ ਤੋਂ ਉਸਦੀ ਨਿਸ਼ਾਨਦੇਹੀ ’ਤੇ 93,900 ਨਸ਼ੇ ਵਾਲੀਆਂ ਗੋਲੀਆਂ, 30 ਕਿਲੋ ਪੋਸਤ ਦੀ ਹੋਰ ਬਰਾਮਦਗੀ ਕੀਤੀ ਗਈ। ਪੁੱਛਗਿੱਛ ’ਚ ਉਸਨੇ ਇਹ ਵੀ ਦੱਸਿਆ ਕਿ ਉਹ ਨਸ਼ੇ ਵਾਲੀਆਂ ਗੋਲੀਆਂ ਆਪਣੇ ਭਰਾ ਬਿੱਟੂ ਸਿੰਘ, ਪਿਤਾ ਮੰਗਾ ਸਿੰਘ ਅਤੇ ਆਪਣੀ ਭੂਆ ਦੇ ਲੜਕੇ ਰਣਵੀਰ ਸਿੰਘ ਉਰਫ ਰਾਣਾ ਵਾਸੀ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਇਸ ਇਲਾਕੇ ’ਚ ਵੇਚਦਾ ਸੀ। ਉਸਨੇ ਇਹ ਵੀ ਦੱਸਿਆ ਕਿ ਉਹ ਇਸ ਇਲਾਕੇ ’ਚ ਨਸ਼ੇ ਵਾਲੀਆਂ ਗੋਲੀਆਂ ਤੇ ਪੋਸਤ ਵੇਚਣ ਲਈ ਉਸਦਾ ਭਰਾ ਬਿੱਟੂ ਸਿੰਘ ਰਾਜਸਥਾਨ ਤੋਂ ਖਰੀਦ ਕੇ ਲੈ ਕੇ ਆਉਂਦਾ ਸੀ। ਇਸ ਮਗਰੋਂ ਉਕਤ ਤਿੰਨਾਂ ਵਿਅਕਤੀਆਂ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ। ਇਸ ਮਾਮਲੇ ’ਚ ਇਕ ਕਾਰ ਜਿਸ ’ਤੇ ਰਾਜਸਥਾਨ ਦਾ ਨੰਬਰ ਹੈ, ਇਕ ਟਰੈਕਟਰ ਅਤੇ ਮੋਟਰਸਾਈਕਲ, ਜੋ ਕਿ ਤਸਕਰੀ ’ਚ ਪ੍ਰਯੋਗ ਹੁੰਦਾ ਸੀ, ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਰਾਹਤ : ਵਧੀ ਯਾਤਰੀਆਂ ਦੀ ਗਿਣਤੀ ਨਾਲ ਪੰਜਾਬ ਸਮੇਤ ਦੂਜੇ ਸੂਬਿਆਂ ਲਈ ਦੁੱਗਣੀ ਹੋਈ ਬੱਸ ਸਰਵਿਸ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ