1984 ਸਿੱਖ ਵਿਰੋਧੀ ਦੰਗੇ : 30 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਆਏ ਸੀ ਪੰਜਾਬ
Tuesday, Dec 18, 2018 - 06:49 PM (IST)

ਜਲੰਧਰ : 1984 ਵਿਚ ਸਿੱਖ ਅੰਗ ਰੱਖਿਅਕਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਤੋਂ ਬਚਣ ਲਈ 30 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚੇ ਸਨ। ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਐੱਮ. ਪੀ. ਅਤੇ ਯੂ.ਪੀ. ਰਾਊਰਕੇਲਾ ਅਤੇ ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿਚ ਦਿਨ ਦਿਹਾੜੇ 15,000 ਤੋਂ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਹਿੰਸਾ ਦੀ ਇਸ ਅੱਗ ਨਾਲ 8 ਹਜ਼ਾਰ ਤੋਂ ਵੱਧ ਪਰਿਵਾਰ ਪ੍ਰਭਾਵਤ ਹੋਏ ਸਨ।
ਸਿੱਖ ਕਤਲੇਆਮ ਪੀੜਤ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਬਦਤਰ ਸਨ ਕਿ ਲੋਕਾਂ ਨੂੰ ਘਰਾਂ 'ਚੋਂ ਕੱਢ-ਕੱਢ ਕੇ ਮਾਰਿਆ ਜਾ ਰਿਹਾ ਸੀ। ਉਨ੍ਹਾਂ ਦੀ ਜਾਇਦਾਦ ਘਰ ਸਾੜੇ ਤੇ ਲੁੱਟੇ ਜਾ ਰਹੇ ਸਨ। ਲੋਕਾਂ ਨੂੰ ਜਾਨ ਬਚਾਉਣ ਲਈ ਦੰਗਾਕਾਰੀਆਂ ਦੀ ਮਿੰਨਤਾਂ ਕਰਨੀਆਂ ਪਈਆਂ ਪਰ ਉਨ੍ਹਾਂ 'ਤੇ ਕੋਈ ਅਸਰ ਨਾ ਹੋਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਿਆਨਕ ਤ੍ਰਾਸਦੀ 1947 'ਚ ਦੇਸ਼ ਦੀ ਵੰਡ ਸਮੇਂ ਹੋਏ ਕਤਲੇਆਮ ਤੋਂ ਘੱਟ ਨਹੀਂ ਸੀ। ਸੁਰਜੀਤ ਸਿੰਘ ਮੁਤਾਬਾਕ ਜਾਨ ਬਚਾਉਣ ਲਈ ਉਸ ਸਮੇਂ 3000 ਤੋਂ ਵੱਧ ਪਰਿਵਾਰ ਪੰਜਾਬ ਵਿਚ ਦਾਖਲ ਹੋਏ ਸਨ। ਰਿਸ਼ਤੇਦਾਰਾਂ-ਦੋਸਤਾਂ ਤੋਂ ਇਲਾਵਾ ਲੋਕਾਂ ਨੇ ਸਾਲਾਂ ਤਕ ਦਾ ਸਮਾਂ ਸੜਕਾਂ 'ਤੇ ਗੁਜ਼ਾਰਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਤ ਸੁਧਰਣ ਤੋਂ ਬਾਅਦ ਕਾਫੀ ਲੋਕ ਆਪਣੇ-ਆਪਣੇ ਸ਼ਹਿਰਾਂ ਨੂੰ ਚਲੇ ਗਏ ਪਰ 16,000 ਪਰਿਵਾਰਾਂ ਦਾ ਇੰਨਾ ਨੁਕਸਾਨ ਹੋਇਆ ਕਿ ਉਹ ਵਾਪਸ ਨਹੀਂ ਪਰਤ ਸਕੇ। ਜਾਂਚ ਪ੍ਰਕਿਰਿਆ 'ਤੇ ਸਵਾਲ ਚੁਕਦੇ ਹੋਏ ਸੁਰਜੀਤ ਸਿੰਘ ਨੇ ਕਾਂਗਰਸ 'ਤੇ ਦੋਸ਼ੀਆਂ ਨੂੰ ਖੁੱਲ੍ਹ ਕੇ ਬਚਾਉਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੰਗਿਆਂ ਨੂੰ ਲੈ ਕੇ 650 ਤੋਂ ਵੱਧ ਕੇਸ ਦਰਜ ਹੋਏ, ਇਸ ਵਿਚੋਂ 268 ਮਾਮਲਿਆਂ ਦੀਆਂ ਫਾਇਲਾਂ ਗਾਇਬ ਕਰ ਦਿੱਤੀਆਂ ਗਈਆਂ ਜਦਕਿ 241 ਕੇਸਾਂ ਨੂੰ ਹੀ ਬੰਦ ਕਰ ਦਿੱਤਾ ਗਿਆ।