37ਵੇਂ ਦਿਨ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ 1967 ਸ਼ਰਧਾਲੂਆਂ ਨੇ ਕੀਤੇ ਦਰਸ਼ਨ-ਦੀਦਾਰ

12/15/2019 7:17:54 PM

ਡੇਰਾ ਬਾਬਾ ਨਾਨਕ, (ਵਤਨ)— ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਭਾਵੇਂ ਮਿੱਥੇ 5 ਹਜ਼ਾਰ ਸ਼ਰਧਾਲੂ ਪ੍ਰਤੀ ਦਿਨ ਦੇ ਹਿਸਾਬ ਨਾਲ ਨਹੀਂ ਜਾ ਰਹੇ ਪਰ ਫਿਰ ਵੀ ਸ਼ਨੀਵਾਰ ਤੇ ਐਤਵਾਰ ਨੂੰ ਸੰਗਤ ਇਕ ਹਜ਼ਾਰ ਦਾ ਅੰਕੜਾ ਪਾਰ ਕਰ ਜਾਂਦੀ ਹੈ। ਦੋਵੇਂ ਦਿਨ ਸੰਗਤਾਂ ਦੀ ਵਧਦੀ ਗਿਣਤੀ ਨਾਲ ਕਸਬਾ ਡੇਰਾ ਬਾਬਾ ਨਾਨਕ 'ਚ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਪਰ ਕਸਬੇ ਦੇ ਲੋਕ ਇਸ ਗੱਲ ਤੋਂ ਵੀ ਨਿਰਾਸ਼ ਹਨ ਕਿ ਜ਼ਿਆਦਤਰ ਸੰਗਤਾਂ ਤੜਕੇ ਡੇਰਾ ਬਾਬਾ ਨਾਨਕ ਪਹੁੰਚ ਕੇ ਸ਼ਾਮ ਨੂੰ ਵਾਪਸ ਪਰਤ ਜਾਂਦੀਆਂ ਹਨ, ਜਿਸ ਕਾਰਣ ਸੰਗਤਾਂ ਦਾ ਡੇਰਾ ਬਾਬਾ ਨਾਨਕ ਵਿਚ ਠਹਿਰਾਓ ਨਾ ਮਾਤਰ ਹੁੰਦਾ ਹੈ ਤਾਂ ਫਿਰ ਕਿਸ ਤਰ੍ਹਾਂ ਨਾਲ ਡੇਰਾ ਬਾਬਾ ਨਾਨਕ ਦਾ ਵਪਾਰ ਵਧੇਗਾ। ਅੱਜ 37ਵੇਂ ਦਿਨ ਲਾਂਘੇ ਰਾਹੀਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ 1967 ਸ਼ਰਧਾਲੂਆਂ ਨੇ ਦਰਸ਼ਨ-ਦੀਦਾਰ ਕੀਤੇ।

ਗੁਗਲ 'ਤੇ ਵੀ ਚੈੱਕ ਕਰਨ ਨਾਲ ਡੇਰਾ ਬਾਬਾ ਨਾਨਕ 'ਚ ਨਹੀਂ ਮਿਲਦੇ ਰਾਤ ਠਹਿਰਣ ਦੇ ਸਥਾਨ
ਡੇਰਾ ਬਾਬਾ ਨਾਨਕ ਵਿਖੇ ਰਾਤ ਨਾ ਠਹਿਰਣ ਦਾ ਮੁੱਖ ਕਾਰਣ ਕਸਬੇ ਵਿਚ ਲੋਕਾਂ ਦੇ ਰਾਤ ਠਹਿਰਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਮੌਜੂਦ ਨਾ ਹੋਣਾ ਹੈ ਅਤੇ ਜਦੋਂ ਦੂਰ-ਦਰਾਡੇ ਤੋਂ ਆਉਣ ਵਾਲੀ ਸੰਗਤ ਗੁਗਲ 'ਤੇ ਡੇਰਾ ਬਾਬਾ ਨਾਨਕ ਠਹਿਰਣ ਲਈ ਸਰਚ ਕਰਦੀ ਹੈ ਤਾਂ ਉਸ ਵਿਚ ਵੀ ਨੇੜਲੇ ਸ਼ਹਿਰ ਬਟਾਲਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹੀ ਹੋਟਲ ਨਜ਼ਰ ਆਉਂਦੇ ਹਨ, ਜਿਸ ਕਾਰਣ ਸੰਗਤ ਜਾਂ ਤਾਂ ਇਨ੍ਹਾਂ ਸ਼ਹਿਰਾਂ ਵਿਚ ਰਾਤ ਠਹਿਰ ਕੇ ਸਵੇਰ ਸਾਰ ਡੇਰਾ ਬਾਬਾ ਨਾਨਕ ਪਹੁੰਚਦੀ ਹਨ ਜਾਂ ਫਿਰ ਇਸ ਹਿਸਾਬ ਨਾਲ ਆਉਂਦੇ ਹਨ ਕਿ ਉਹ ਆਪਣਾ ਸਫਰ ਤੈਅ ਕਰ ਕੇ ਸਵੇਰ ਸਾਰ ਹੀ ਡੇਰਾ ਬਾਬਾ ਨਾਨਕ ਪਹੁੰਚਣ। ਬੀਤੇ ਦਿਨ ਵੀ ਕਲਕੱਤਾ ਤੋਂ ਆਏ ਇਕ ਹਿੰਦੂ ਸ਼ਰਧਾਲੂ ਨੂੰ ਰਾਤ ਠਹਿਰਣ ਲਈ ਜਦੋਂ ਕੁਝ ਨਾ ਮਿਲਿਆ ਤਾਂ ਉਸ ਨੇ ਕਸਬੇ ਦੇ ਰੈਸਟੋਰੈਂਟ ਵਿਚ ਆਰਜ਼ੀ ਤੌਰ 'ਤੇ ਬਣੇ ਇਕ ਕਮਰੇ ਨੂੰ ਕਿਰਾਏ 'ਤੇ ਲੈ ਕੇ ਰਾਤ ਗੁਜ਼ਾਰੀ ਕਿਉਂਕਿ ਕਸਬੇ ਦੇ ਗੁ. ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਉਸ ਨੂੰ ਕਮਰਾ ਦੇਣ ਤੋਂ ਇਸ ਲਈ ਅਸਮਰਥਤਾ ਪ੍ਰਗਟਾਈ ਸੀ ਕਿ ਸੰਗਤ ਜ਼ਿਆਦਾ ਆਉਣ ਕਾਰਣ ਉਨ੍ਹਾਂ ਕੋਲ ਕੋਈ ਕਮਰਾ ਨਹੀਂ ਹੈ।

ਸਰਕਾਰ ਵੱਲੋਂ ਬਣਾਈ ਟੈਂਟ ਸਿਟੀ ਵੀ ਨਹੀਂ ਆਈ ਸੰਗਤ ਦੇ ਕੰਮ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣਾਈ ਗਈ 40 ਏਕੜ ਦੀ ਟੈਂਟ ਸਿਟੀ ਵੀ ਸੰਗਤ ਦੇ ਕੰਮ ਨਹੀਂ ਆਈ ਅਤੇ ਸੰਗਤ ਇਕ ਦਿਨ ਵੀ ਇਸ ਟੈਂਟ ਸਿਟੀ ਵਿਚ ਨਹੀਂ ਠਹਿਰੀ ਅਤੇ ਸੰਗਤ ਦਾ ਕਹਿਣਾ ਹੈ ਕਿ ਜੇਕਰ ਟੈਂਟ ਸਿਟੀ ਵਿਚ ਜਗ੍ਹਾ ਹੁੰਦੀ ਤਾਂ ਸੰਗਤ ਰਾਤ ਨੂੰ ਡੇਰਾ ਬਾਬਾ ਨਾਨਕ ਵਿਖੇ ਵੀ ਠਹਿਰ ਸਕਦੀ ਸੀ।

ਸੰਗਤ ਘੱਟ ਆਉਣ ਕਾਰਣ ਵੀ ਵੱਡੇ ਵਪਾਰਕ ਅਦਾਰਿਆਂ ਨੇ ਹੱਥ ਪਿੱਛੇ ਖਿੱਚੇ
ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਵਿਚ ਆਸ ਬੱਝੀ ਸੀ ਕਿ ਇਸ ਖੇਤਰ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਅਤੇ ਵੱਡੇ-ਵੱਡੇ ਰੈਸਟੋਰੈਂਟ ਅਤੇ ਹੋਰ ਵਪਾਰਕ ਅਦਾਰੇ ਕਸਬੇ ਵਿਚ ਖੁੱਲ੍ਹਣਗੇ ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਤੋਂ ਬਾਅਦ ਸੰਗਤਾਂ ਦੀ ਘੱਟ ਆਮਦ ਕਾਰਣ ਨਾ ਤਾਂ ਜ਼ਮੀਨਾਂ ਦੇ ਰੇਟ ਵਧੇ ਅਤੇ ਨਾ ਹੀ ਕੋਈ ਵੱਡਾ ਵਪਾਰਕ ਅਦਾਰਾ ਖੁੱਲ੍ਹਿਆ ਅਤੇ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦਾ ਵਪਾਰ ਚੱਲ ਰਿਹਾ ਹੈ।

ਕਰਤਾਰਪੁਰ ਸਾਹਿਬ ਮਾਰਗ 'ਤੇ ਸੰਗਤਾਂ ਲਈ ਨਹੀਂ ਹੈ ਕੋਈ ਪਖਾਨੇ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ
ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪਿੰਡ ਮਾਨ ਦੇ ਟੀ-ਪੁਆਇੰਟ ਤੋਂ ਕਰਤਾਰਪੁਰ ਸਾਹਿਬ ਲਾਂਘੇ ਤੱਕ ਬਣਾਈ ਗਈ ਲਗਭਗ 4 ਕਿਲੋਮੀਟਰ ਲੰਬੀ ਸੜਕ 'ਤੇ ਸੰਗਤਾਂ ਦੀ ਸਹੂਲਤ ਲਈ ਕੋਈ ਵੀ ਪਖਾਨਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਆਉਂਦੀ ਹੈ ਅਤੇ ਬਹੁਤੀ ਸੰਗਤ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਕਰਤਾਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਦੀ ਹੈ।

ਕਰਤਾਰਪੁਰ ਦਰਸ਼ਨ ਸਥੱਲ 'ਤੇ ਸੰਗਤ ਨੂੰ ਦੂਰਬੀਨ ਦੀ ਸਹੂਲਤ ਤੋਂ ਰੱਖਿਆ ਗਿਆ ਵਾਂਝਾ
ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪੱਕੀ ਦੂਰਬੀਨ ਦੀ ਸਹੂਲਤ ਹੁੰਦੀ ਸੀ ਪਰ ਲਾਂਘਾ ਬਣਾਉਣ ਲਈ ਉਸ ਦਰਸ਼ਨ ਸਥੱਲ ਨੂੰ ਤੋੜ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਆਰਜ਼ੀ ਦਰਸ਼ਨ ਸਥੱਲ ਬਣਾਇਆ ਗਿਆ ਪਰ ਹੁਣ ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ ਤਾਂ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਦਰਸ਼ਨ ਸਥੱਲ 'ਤੇ ਕਿਸੇ ਵੀ ਦੂਰਬੀਨ ਦੀ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ ਜਦਕਿ ਸੰਗਤ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਕੇ ਪਰਤ ਜਾਂਦੀ ਹੈ।

ਡੇਰਾ ਬਾਬਾ ਨਾਨਕ 'ਚ ਲਾਂਘੇ ਸਬੰਧੀ ਸਾਈਨ ਬੋਰਡ ਨਾ ਹੋਣ ਕਾਰਣ ਸੰਗਤ ਹੋ ਰਹੀ ਹੈ ਪ੍ਰੇਸ਼ਾਨ
ਪ੍ਰਸ਼ਾਸਨ ਵੱਲੋਂ ਕਸਬਾ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਾਈਨ ਬੋਰਡ ਨਾ ਲਾਉਣ ਕਾਰਣ ਤੜਕਸਾਰ ਤੋਂ ਡੇਰਾ ਬਾਬਾ ਨਾਨਕ ਪਹੁੰਚਦੀ ਸੰਗਤ ਪੁਛਦੀ ਪੁਛਾਉਂਦੀ ਲਾਂਘੇ ਤਕ ਪਹੁੰਚਦੀ ਹੈ ਕਿਉਂਕਿ ਕਸਬੇ ਵਿਚ ਕਿਸੇ ਵੀ ਤਰ੍ਹਾਂ ਦਾ ਸਾਈਨ ਬੋਰਡ ਨਹੀਂ ਲਾਇਆ ਗਿਆ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸੰਗਤ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਵਿਚ ਸਾਈਨ ਬੋਰਡ ਲਵਾਏ।


KamalJeet Singh

Content Editor

Related News