19 ਸਾਲਾ ਇਸ ਮੁੰਡੇ ਦੀ ਹਿੰਮਤ ਕਰ ਦੇਵੇਗੀ ਹੈਰਾਨ, ਹੱਥ ਦੀਆਂ ਵੱਢੀਆਂ ਉਂਗਲੀਆਂ ਫੜ੍ਹ ਬੱਸ 'ਚ ਖਾਧੇ ਧੱਕੇ ਤੇ ਅਖ਼ੀਰ...

02/08/2023 12:04:48 PM

ਡੇਰਾਬੱਸੀ (ਅਨਿਲ) : ਬਰਵਾਲਾ ਰੋਡ 'ਤੇ ਇਕ ਕੰਪਨੀ 'ਚ ਕੰਮ ਕਰਦੇ 19 ਸਾਲਾ ਨਿਤੇਸ਼ ਦੀ ਹਿੰਮਤ ਦੀ ਕਹਾਣੀ ਸੁਣ ਹਰ ਕੋਈ ਹੈਰਾਨ ਰਹਿ ਜਾਵੇਗਾ। ਇਸ ਮੁੰਡੇ ਦੀਆਂ ਇਕ ਹਾਦਸੇ ਦੌਰਾਨ ਹੱਥ ਦੀਆਂ 2 ਉਂਗਲੀਆਂ ਵੱਢ ਕੇ ਵੱਖ ਹੋ ਗਈਆਂ, ਜਿਨ੍ਹਾਂ ਨੂੰ ਫੜ੍ਹ ਕੇ ਬੱਸ 'ਚ ਧੱਕੇ ਖਾ ਕੇ ਉਹ ਪੀ. ਜੀ. ਆਈ. ਪਹੁੰਚ ਗਿਆ। ਜਾਣਕਾਰੀ ਮੁਤਾਬਕ 19 ਸਾਲਾ ਨਿਤੇਸ਼ ਪੁੱਤਰ ਰਾਮੇਸ਼ਵਰ ਬਰਵਾਲਾ ਰੋਡ 'ਤੇ ਰੇਲਵੇ ਕੋਚ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਟਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ, ਕਰਨਾ ਪੈ ਸਕਦੈ ਸੜਕ ਰਾਹੀਂ ਸਫ਼ਰ

ਉਸ ਨੇ ਦੱਸਿਆ ਕਿ ਇਕ ਸਵੇਰ ਕਰੀਬ ਸਾਢੇ 10 ਵਜੇ ਉਹ ਫੈਕਟਰੀ 'ਚ ਬੰਦ ਪਟੇ 'ਤੇ ਹੱਥ ਰੱਖ ਕੇ ਖੜ੍ਹਾ ਸੀ। ਇਸ ਦੌਰਾਨ ਕਿਸੇ ਨੇ ਮੋਟਰ ਚਲਾ ਦਿੱਤੀ, ਜਿਸ 'ਚ ਉਸ ਦਾ ਹੱਥ ਆਉਣ ਕਾਰਨ ਖੱਬੇ ਹੱਥ ਦੇ ਵਿਚਕਾਰ ਦੀਆਂ 2 ਉਂਗਲੀਆਂ ਵੱਢ ਕੇ ਵੱਖ ਹੋ ਗਈਆਂ। ਇਹ ਉਂਗਲੀਆਂ ਧਰਮੂ ਨਾਂ ਦੇ ਵਿਅਕਤੀ ਨੇ ਚੁੱਕੀਆਂ ਅਤੇ ਨਿਤੇਸ਼ ਨੂੰ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਿਆ। ਉੱਥੇ ਹੱਥ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਨਿਤੇਸ਼ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਉਸ ਦੀਆਂ 2 ਵੱਢੀਆਂ ਉਂਗਲੀਆਂ ਨੂੰ ਬਰਫ਼ 'ਚ ਲਪੇਟ ਕੇ ਇਕ ਡੱਬਾ ਨਿਤੇਸ਼ ਨੂੰ ਦੇ ਦਿੱਤਾ ਗਿਆ। ਕੋਈ ਐਂਬੂਲੈਂਸ ਦੀ ਵਿਵਸਥਾ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : PSPCL ਦਾ ਵੱਡਾ ਫ਼ੈਸਲਾ : ਪੂਰੇ ਪੰਜਾਬ 'ਚ 1 ਮਾਰਚ ਤੋਂ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ

ਜ਼ਖਮੀ ਨਿਤੇਸ਼ ਆਪਣੇ ਸਾਥੀ ਧਰਮੂ ਨਾਲ ਬੱਸ 'ਚ ਧੱਕੇ ਖਾ ਕੇ ਪੀ. ਜੀ. ਆਈ. ਪਹੁੰਚਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡੇਰਾਬੱਸੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਐਂਬੂਲੈਂਸ ਸੇਵਾ ਲਈ ਕਿਹਾ ਗਿਆ ਸੀ ਪਰ ਪਤਾ ਨਹੀਂ ਕਦੋ ਉਹ ਹਸਪਤਾਲ ਦੇ ਬਾਹਰ ਚਲੇ ਗਏ। ਧਰਮੂ ਦੇ ਮੁਤਾਬਕ ਉਨ੍ਹਾਂ ਨੂੰ ਐਂਬੂਲੈਂਸ ਲਈ ਨਹੀਂ ਕਿਹਾ ਗਿਆ। ਕੰਪਨੀ ਮਾਲਕ ਨਰੇਸ਼ ਕਾਂਸਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਅਸੂਲ ਹੈ ਕਿ ਜੇਕਰ ਕੋਈ ਵਿਅਕਤੀ ਡਿਊਟੀ ਦੌਰਾਨ ਜ਼ਖਮੀ ਹੁੰਦਾ ਹੈ ਤਾਂ ਐੱਚ. ਆਰ. ਵਾਲਾ ਵਿਅਕਤੀ ਉਸ ਇਲਾਜ ਕਰਾਵਉਂਦਾ ਹੈ। ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਖ਼ੁਦ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਪ੍ਰਬੰਧਕਾਂ ਨੇ ਜੇਕਰ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵਲੋਂ ਜ਼ਖਮੀ ਨਿਤੇਸ਼ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News