ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 180 ਨਵੇਂ ਕੇਸਾਂ ਦੀ ਪੁਸ਼ਟੀ, 3 ਦੀ ਹੋਈ ਮੌਤ
Monday, Aug 31, 2020 - 10:49 PM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਦੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਹੁਣ ਪ੍ਰਾਈਵੇਟ ਹਸਪਤਾਲਾਂ ’ਚ ਵੀ ਆਈਸੋਲੇਸ਼ਨ ਫੈਸੀਲਿਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਥੇ ਪਹਿਲਾਂ ਬਣੀਆਂ ਹੋਈਆਂ ਸਨ, ਉਨ੍ਹਾਂ ’ਚ ਬੈੱਡਾਂ ਦੀ ਸਮਰੱਥਾ ਵਧਾਈ ਗਈ ਹੈ। ਅੱਜ ਪਟਿਆਲਾ ’ਚ ਕੋਰੋਨਾ ਨਾਲ 3 ਹੋਰ ਮੌਤਾਂ ਹੋ ਗਈਆਂ ਹਨ, ਜਦਕਿ 4 ਗਰਭਵਤੀ ਮਹਿਲਾਵਾਂ ਤੇ ਇਕ ਹੋਰ ਪੁਲਸ ਮੁਲਾਜ਼ਮ ਸਮੇਤ 180 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਮਿਲੇ ਹਨ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਕੋਵਿਡ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਾਈਵੇਟ ਹਸਪਤਾਲਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਕੋਵਿਡ ਕੇਸਾਂ ਦੇ ਦਾਖਲੇ ਲਈ ਅੱਜ ਜ਼ਿਲੇ ’ਚ ਰਾਜਪੁਰਾ ਦੇ ਸਮਰਿਤੀ ਨਰਸਿੰਗ ਹੋਮ ਨੂੰ 10 ਬੈੱਡਾਂ ਦੀ ਆਈਸੋਲੇਸ਼ਨ ਫੈਸੀਲਿਟੀ ਬਣਾਈ ਗਈ ਹੈ। ਪਹਿਲਾਂ ਤੋਂ ਸ਼ਾਮਲ ਅਮਰ ਹਸਪਤਾਲ ’ਚ 12 ਅਤੇ ਕੋਲੰਬੀਆ ਏਸ਼ੀਆ ਹਸਪਤਾਲ ’ਚ 7 ਹੋਰ ਬੈੱਡਾਂ ਦੀ ਆਈਸੋਲੇਸ਼ਨ ਫੈਸੀਲਿਟੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਭਾ ਵਿਖੇ ਗੁਰੂ ਤੇਗ ਬਹਾਦਰ ਲੈਬ ਨੂੰ ਆਰ. ਟੀ. ਪੀ. ਸੀ. ਆਰ. ਟੈਸਟ ਲੈਣ ਦੀ ਮਾਨਤਾ ਦਿੱਤੀ ਗਈ ਹੈ, ਜੋ ਕਿ ਪ੍ਰਤੀ ਟੈਸਟ ਇਕ ਹਜ਼ਾਰ ਰੁਪਏ ਚਾਰਜ ਕਰਨਗੇ।
ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਜਿਹਡ਼ਾ ਕੋਈ ਬੁਖਾਰ ਜਾਂ ਕੋਵਿਡ ਲੱਛਣਾ ਦਾ ਸ਼ੱਕੀ ਮਰੀਜ਼ ਉਨ੍ਹਾਂ ਦੇ ਕਲੀਨਿਕ ’ਚ ਸੀ. ਟੀ. ਸਕੈਨ ਜਾਂ ਛਾਤੀ ਦਾ ਐਕਸਰਾ ਕਰਵਾਉਣ ਆਉਂਦਾ ਹੈ ਅਤੇ ਕੋਵਿਡ ਜਾਂਚ ਨਹੀਂ ਕਰਵਾਉਂਦਾ, ਉਸ ਦੀ ਸੂਚਨਾ ਜ਼ਿਲਾ ਸਿਹਤ ਵਿਭਾਗ ਨੂੰ ਜ਼ਰੂਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਏਰੀਏ ’ਚੋਂ ਜ਼ਿਆਦਾ ਪਾਜ਼ੇਟਿਵ ਕੇਸ ਆਉਣ ’ਤੇ ਪਟਿਆਲਾ ਦੇ ਨਿਊ ਲਾਲ ਬਾਗ ਏਰੀਏ (ਸਾਹਮਣੇ ਪੋਲੋ ਗਰਾਉਂਡ) ਅਤੇ ਮਹਿੰਦਰਾ ਕੰਪਲੈਕਸ ਗੱਲੀ ਨੰਬਰ 3 ’ਚ ਮਾਈਕਰੋਕੰਟੇਨਮੈਂਟ ਲਾ ਦਿੱਤੀ ਗਈ ਹੈ ਅਤੇ ਸਮਾਂ ਪੂਰਾ ਹੋਣ ਅਤੇ ਏਰੀਏ ’ਚੋਂ ਕੋਈ ਨਵਾਂ ਕੇਸ ਨਾ ਆਉਣ ’ਤੇ ਰਣਜੀਤ ਨਗਰ ਬਲਾਕ ਏ ’ਚ ਲਾਈ ਮਾਈਕਰੋ ਕੰਟੇਨਮੈਂਟ ਹਟਾ ਦਿੱਤੀ ਗਈ ਹੈ।
ਸੋਮਵਾਰ ਇਹ ਹੋਈਆਂ ਮੌਤਾਂ
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 3 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਤਿੰਨੋਂ ਮ੍ਰਿਤਕ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਪਹਿਲਾ ਅਰੋਡ਼ਿਆਂ ਸਟਰੀਟ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਸ਼ੂਗਰ ਦਾ ਪੁਰਾਣਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ਼ ਸੀ। ਦੂਸਰਾ ਤ੍ਰਿਵੈਣੀ ਚੌਕ ਦੀ ਰਹਿਣ ਵਾਲੀ 60 ਸਾਲਾ ਅੌਰਤ ਜੋ ਕਿ ਸ਼ੂਗਰ ਦੀ ਮਰੀਜ਼ ਸੀ ਅਤੇ 26 ਤਾਰੀਖ ਤੋਂ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਤੀਸਰਾ ਗੁਰੂ ਨਾਨਕ ਨਗਰ ਗੁਰਬਖਸ਼ ਕਾਲੋਨੀ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਸ਼ੂਗਰ ਦਾ ਪੁਰਾਣਾ ਮਰੀਜ਼ ਸੀ ਅਤੇ 13 ਅਗਸਤ ਤੋਂ ਹਸਪਤਾਲ ’ਚ ਦਾਖਲ ਸੀ। ਇਹ ਸਾਰੇ ਮਰੀਜ਼ ਹਸਪਤਾਲ ’ਚ ਦਾਖਲ ਸਨ ਅਤੇ ਇਨ੍ਹਾਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲੇ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਹੁਣ 166 ਹੋ ਗਈ ਹੈ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 180 ਕੇਸਾਂ ’ਚੋਂ 98 ਪਟਿਆਲਾ ਸ਼ਹਿਰ, 2 ਸਮਾਣਾ, 23 ਰਾਜਪੁਰਾ, 8 ਨਾਭਾ, 4 ਪਾਤਡ਼ਾਂ, 3 ਸਨੌਰ ਅਤੇ 42 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 27 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 152 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਅਤੇ ਇਕ ਬਾਹਰੀ ਰਾਜ ਤੋਂ ਆਉਣ ਕਰ ਕੇ ਮਰੀਜ਼ਾਂ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਗੋਬਿੰਦ ਬਾਗ ਤੋਂ 7, ਪੁਲਸ ਲਾਈਨ ਤੋਂ 6, ਡੂਮਾ ਵਾਲੀ ਗਲੀ, ਵਿਰਕ ਕਾਲੋਨੀ, ਗੁਰੂ ਨਾਨਕ ਨਗਰ ਤੋਂ 5-5, ਅਨੰਦ ਨਗਰ ਬੀ ਤੋਂ 4, ਸਿਵਲ ਲਾਈਨ, ਪੁਰਾਣਾ ਪਟਿਆਲਾ ਕੈਂਟ, ਤ੍ਰਿਪਡ਼ੀ ਤੋਂ 3-3, ਮੁਹੱਲਾ ਸੁਈਗਰਾਂ, ਹਰਿੰਦਰ ਨਗਰ, ਅਰਬਨ ਅਸਟੇਟ ਫੇਸ-2, ਡੀ. ਐੱਮ. ਡਬਲਿਊ, ਰਣਜੀਤ ਨਗਰ, ਫਰੈਂਡਜ਼ ਕਾਲੋਨੀ ਤੋਂ 2-2, ਅਜ਼ਾਦ ਨਗਰ, ਰਣਜੀਤ ਨਗਰ, ਜੱਟਾਂ ਵਾਲਾ ਚੌਂਤਰਾ, ਵੱਡੀ ਬਾਰਾਦਰੀ, ਵਿਕਾਸ ਕਾਲੋਨੀ, ਚਰਨ ਬਾਗ, ਸਾਹਿਬ ਨਗਰ, ਮੋਤੀ ਬਾਗ, ਲਾਹੌਰੀ ਗੇਟ, ਪ੍ਰਤਾਪ ਨਗਰ, ਮਜੀਠੀਆ ਐਨਕਲੇਵ, ਟਰਾਈਕੋਨ ਸਿਟੀ, ਜੁਝਾਰ ਨਗਰ, ਆਰਿਆ ਸਮਾਜ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਗੁਰੂ ਨਾਨਕ ਮੁਹੱਲਾ ਤੋਂ 7, ਭਾਰਤ ਕਾਲੋਨੀ ਤੋਂ 5, ਨੇਡ਼ੇ ਦੁਰਗਾ ਮੰਦਿਰ, ਰਾਜਪੁਰਾ ਟਾਊਨ, ਨਾਭਾ ਪਾਵਰ ਪਲਾਂਟ ਤੋਂ 2-2, ਆਰਿਆ ਸਮਾਜ ਰੋਡ, ਫੋਕਲ ਪੁਆਇੰਟ, ਨੇਡ਼ੇ ਸ਼ਿਵ ਮੰਦਰ, ਅਨੰਦ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੇ ਰਾਣੀ ਬਾਗ, ਗਿੱਲੀਅਨ ਸਟਰੀਟ, ਕ੍ਰਿਸ਼ਨਾ ਪੁਰੀ, ਅਜੀਤ ਨਗਰ, ਕਮਲਾ ਕਾਲੋਨੀ, ਦੁਲੱਦੀ ਗੇਟ, ਰਿਪੁਦਮਨ ਮੁਹੱਲਾ ਆਦਿ ਥਾਵਾਂ ਤੋਂ 1-1, ਸਮਾਣਾ ਤੋਂ 2, ਸਨੌਰ ਤੋਂ 3, ਪਾਤਡ਼ਾਂ ਤੋਂ ਚਾਰ ਅਤੇ 42 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।
ਹੁਣ ਤੱਕ ਲਏ ਸੈਂਪਲ 85508
ਨੈਗੇਟਿਵ 77735
ਪਾਜ਼ੇਟਿਵ 6333
ਰਿਪੋਰਟ ਪੈਂਡਿੰਗ 1240
ਤੰਦਰੁਸਤ ਹੋਏ 4628
ਮੌਤਾਂ 166
ਐਕਟਿਵ 1539