ਬਠਿੰਡਾ ਦੇ ਪਿੰਡ ਮਲਕਾਣਾ 'ਚ ਚਿੱਟੇ ਦਾ ਕਹਿਰ, ਮੁੱਛ ਫੁੱਟ ਗੱਭਰੂ ਦੀ ਮੌਤ
Thursday, Oct 27, 2022 - 12:38 PM (IST)
ਰਾਮਾਂ ਮੰਡੀ (ਪਰਮਜੀਤ) : ਸਥਾਨਕ ਪਿੰਡ ਮਲਕਾਣਾ ਵਿਖੇ ਚਿੱਟੇ ਨਾਲ 18 ਸਾਲਾ ਨੌਜਵਾਨ ਮਹਿਕਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਮੌਤ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਵਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੌਕੇ ’ਤੇ ਹੈਲਪ ਲਾਈਨ ਵੈਲਫ਼ੇਅਰ ਸੁਸਾਇਟੀ ਦੀ ਟੀਮ ਅਤੇ ਥਾਣਾ ਪ੍ਰਮੁੱਖ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਪਹੁੰਚੀ। ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ ਉਕਤ ਨੌਜਵਾਨ ਦੀ ਲਾਸ਼ ਪਿੰਡ ਦੇ ਛੱਪੜ ਵਿੱਚ ਪਈ ਵੇਖੀ ਗਈ ਸੀ। ਮ੍ਰਿਤਕ ਨੌਜਵਾਨ ਦੇ ਚਾਚੇ ਜਸਵਿੰਦਰ ਸਿੰਘ ਨੇ ਥਾਣਾ ਮੁਖੀ ਨੂੰ ਦੱਸਿਆ ਕਿ ਪਿੰਡ ਦੇ ਹੀ 2 ਵਿਅਕਤੀ ਅਤੇ 1 ਔਰਤ ਨੇ ਮਿਲ ਕੇ ਉਸ ਦੇ ਭਤੀਜੇ ਮਹਿਕਪ੍ਰੀਤ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ 3 ਭਾਈ ਅਤੇ ਦੋ ਭੈਣਾਂ ਵਿੱਚ ਸਭ ਤੋਂ ਵੱਡਾ ਸੀ।
ਇਹ ਵੀ ਪੜ੍ਹੋ- 'ਰਾਈਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ
ਇਸ ਸੰਬੰਧੀ ਗੱਲ ਕਰਦਿਆਂ ਪਿੰਡ ਦੇ ਇਕ ਵਿਅਕਤੀ ਨੇ ਕਿਹਾ ਕਿ ਪਿੰਡ ਵਿੱਚ ਚਿੱਟੇ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ ਪਿੰਡ ਤੋਂ ਬਿਨਾਂ ਦੂਸਰੇ ਪਿੰਡਾਂ ਦੇ ਸਮੱਗਲਰ ਵੀ ਸ਼ਰੇਆਮ ਆ ਕੇ ਨਸ਼ਾ ਸਪਲਾਈ ਕਰਦੇ ਹਨ ਇਸ ਤੋਂ ਪਹਿਲਾਂ ਵੀ ਇੱਕ-ਇੱਕ ਕਰਕੇ ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਜੇ ਸਰਕਾਰ ਨਸ਼ਾ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇਵੇ ਤਾਂ ਮੈਂ ਸਬੂਤਾਂ ਸਮੇਤ ਨਾਂ ਦੱਸਣ ਲਈ ਤਿਆਰ ਹਾਂ। ਇਹ ਸਮੱਗਲਰ ਸਮੱਗਲਿੰਗ ਦੇ ਨਾਲ-ਨਾਲ ਹੋਰ ਅਪਰਾਧ ਵੀ ਕਰ ਰਹੇ ਹਨ ਜਿਸ ਕਾਰਨ ਲੋਕ ਇਨ੍ਹਾਂ ਵਿਰੁੱਧ ਮੂੰਹ ਖੋਲ੍ਹਣ ਤੋਂ ਵੀ ਡਰਦੇ ਹਨ ਕਿਉਂਕਿ ਸਰਕਾਰ ਵੀ ਸਮੱਗਲਰਾਂ ਦੇ ਨਾਮ ਦੱਸਣ ਵਾਲਿਆਂ ਦੀ ਕੋਈ ਸੁਰੱਖਿਆ ਨਹੀਂ ਕਰਦੀ। ਪੁਲਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਉਕਤ 2 ਵਿਅਕਤੀਆਂ ਅਤੇ ਇਕ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।