ਪੰਜਾਬ ਸਣੇ 3 ਸੂਬਿਆਂ ਦੇ 18 ਹਜ਼ਾਰ ਟੋਲ ਕਰਮਚਾਰੀ ਹੋਏ ਬੇਰੋਜ਼ਗਾਰੀ ਦਾ ਸ਼ਿਕਾਰ

Monday, Apr 26, 2021 - 05:41 PM (IST)

ਪੰਜਾਬ ਸਣੇ 3 ਸੂਬਿਆਂ ਦੇ 18 ਹਜ਼ਾਰ ਟੋਲ ਕਰਮਚਾਰੀ ਹੋਏ ਬੇਰੋਜ਼ਗਾਰੀ ਦਾ ਸ਼ਿਕਾਰ

ਭਵਾਨੀਗੜ੍ਹ (ਵਿਕਾਸ) : ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਕਾਲਾਝਾੜ ਟੋਲ ਪਲਾਜਾ ਵਿਖੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਆਦਾਤਰ ਟੋਲ ਪਲਾਜ਼ਾ ਕੰਪਨੀਆਂ ਦਸੰਬਰ ਮਹੀਨੇ ਤੋਂ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਤੋਂ ਮਨ੍ਹਾਂ ਕਰ ਚੁੱਕੀਆਂ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਨੇ ਇਸ ਮਾਮਲੇ ਨੂੰ ਕਈ ਵਾਰੀ ਸਬੰਧਿਤ ਅਥਾਰਟੀਆਂ ਅਤੇ ਸਥਾਨਕ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵੱਜੋਂ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਸੀ। ਉਸ ਸਮੇਂ ਪ੍ਰਸਾਸ਼ਨ ਵੱਲੋਂ ਮਿਲੇ ਭਰੋਸੇ ਮਗਰੋਂ ਯੂਨੀਅਨ ਨੇ ਅਪਣੇ ਸੰਘਰਸ਼ ਨੂੰ ਅੱਗੇ ਪਾ ਦਿੱਤਾ ਸੀ ਪਰ ਸਮਾਂ ਬੀਤਣ ਦੇ ਬਾਵਜੂਦ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ, ਜਿਸਨੂੰ ਲੈ ਕੇ ਯੂਨੀਅਨ ਵਿੱਚ ਰੋਸ ਹੈ।

ਇਹ ਵੀ ਪੜ੍ਹੋ : ਲੱਦਾਖ਼ ਦੇ ਸੀਆਂ ਚਿੰਨ੍ਹ ’ਚ ਗਲੇਸ਼ੀਅਰ ਦੇ ਤੋਦੇ ਡਿੱਗਣ ਕਾਰਨ ਪੰਜਾਬ ਦੇ 2 ਜਵਾਨ ਸ਼ਹੀਦ

ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਦੇਸ਼ ਵਿੱਚ ਪੰਜਾਬ ਸਮੇਤ ਤਿੰਨ ਸੂਬਿਆਂ 'ਚ ਬੰਦ ਪਏ ਟੋਲ ਪਲਾਜ਼ਿਆਂ ਕਾਰਨ 18 ਹਜ਼ਾਰ ਤੋਂ ਵੱਧ ਕਰਮਚਾਰੀਆਂ ਦਾ ਰੋਜ਼ਗਾਰ ਖ਼ਤਮ ਹੋਣ ਦੀ ਕਗਾਰ 'ਤੇ ਹੈ, ਪਰਿਵਾਰਾਂ ਨੂੰ ਉਨ੍ਹਾਂ ਉੱਪਰ ਨਿਰਭਰ ਹੋਣ ਕਰਕੇ ਦੋ ਵਕਤ ਦੀ ਰੋਟੀ ਲਈ ਵੀ ਮੁਸ਼ਕਿਲ ਝੱਲਣੀ ਪੈ ਰਹੀ ਹੈ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਟੋਲ ਪਲਾਜ਼ਾ ਕੰਪਨੀਆਂ ਨੇ ਜਲਦ ਹੀ ਕਰਮਚਾਰੀਆਂ ਨੂੰ ਤਨਖਾਹਾਂ ਨਾ ਮੁਹੱਈਆ ਕਰਵਾਈਆਂ ਤਾਂ ਉਨ੍ਹਾਂ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾ ਕੇ ਬੈਠਣ ਲਈ ਮਜਬੂਰ ਹੋਣਾ ਪਵੇਗਾ, ਜਿਸਦੀ ਜਿੰਮੇਵਾਰੀ ਟੋਲ ਕੰਪਨੀਆਂ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਕਾਲਾਝਾੜ, ਨਾਜਰ ਖਾਨ, ਨਰੈਣ ਸਿੰਘ, ਨਿੰਦੀ ਸਿੰਘ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਨਾਜਰ ਸਿੰਘ ਆਦਿ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ : ਬਾਦਲਾਂ ਨਾਲ ਰਲ ਕੇ ਕੈਪਟਨ ਨੇ ਰੱਦ ਕਰਵਾਈ ‘ਸਿਟ’ ਦੀ ਜਾਂਚ ਰਿਪੋਰਟ : ਚੀਮਾ    

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Anuradha

Content Editor

Related News