17 ਸਿਖਲਾਈ ਇਨਫੈਂਟਰੀ ਰੈਜੀਮੈਂਟ ’ਚ ਤਾਇਨਾਤ ਫੌਜੀ ਦੀ ਮੌਤ, ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ
Wednesday, Sep 08, 2021 - 10:41 AM (IST)
ਮਮਦੋਟ (ਸ਼ਰਮਾ): ਬਲਾਕ ਮਮਦੋਟ ਅਧੀਨ ਪਿੰਡ ਦੋਨਾ ਮੱਤੜ ਹਿਠਾੜ (ਗਜਨੀ ਵਾਲਾ) ਦੇ ਇਕ ਫੌਜੀ ਜਵਾਨ ਦੀ ਪੀਲੀਏ ਕਾਰਨ ਮੌਤ ਹੋ ਜਾਣ ਤੋ ਬਾਅਦ ਅੱਜ ਉਸਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਫੌਜੀ ਸੋਨਾ ਸਿੰਘ (25 ਸਾਲ) ਦੇ ਪਿਤਾ ਦਿਆਲ ਸਿੰਘ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਹੀ ਜੂਨ 2015 ਵਿਚ ਸੋਨਾ ਸਿੰਘ (ਨੰਬਰ 4493805) ਫੌਜ ਵਿਚ ਭਰਤੀ ਹੋਇਆ ਸੀ। ਉਸ ਦੀ ਦੋ ਸਾਲ ਪਹਿਲਾਂ ਰਾਸ਼ਟਰੀ ਰਾਈਫਲ ਰੈਜੀਮੈਂਟ ਜੰਮੂ-ਕਸ਼ਮੀਰ ਵਿਚ ਪੋਸਟਿੰਗ ਹੋ ਗਈ। ਉਹ ਡਿਊਟੀ ਲਈ ਜੰਮੂ-ਕਸ਼ਮੀਰ ਗਿਆ ਸੀ ਪਰ ਡਿਊਟੀ ’ਤੇ ਪਹੁੰਚਣ ਮਗਰੋਂ ਉਸ ਨੂੰ ਪੀਲੀਆ ਹੋ ਗਿਆ ਜਿਸ ਕਾਰਨ ਉਸ ਦੇ ਗੁਰਦੇ ਤੇ ਲੀਵਰ ਖ਼ਰਾਬ ਹੋ ਗਏ, ਜਿਸ ਨੂੰ ਇਲਾਜ ਲਈ ਪਹਿਲਾ ਯੂਨਿਟ ਵਿਚ ਫਿਰ ਆਰਮੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ। ਬੀਤੇ ਕੱਲ ਫੌਜੀ ਦੀ ਬੀਮਾਰੀ ਨਾਲ ਲੜ੍ਹਦੇ ਹੋਏ ਮੌਤ ਹੋ ਗਈ।
ਨੌਜਵਾਨ ਸਿਪਾਹੀ ਸੋਨਾ ਸਿੰਘ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਫੌਜੀ ਸੋਨਾ ਸਿੰਘ ਦੀ ਮੌਤ ’ਤੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦੇਣ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ।