ਭੋਗਪੁਰ ਨਾਲ ਸੰਬੰਧਤ 16 ਸਾਲਾ ਜਪਗੋਬਿੰਦ ਸਿੰਘ ਨੇ ਕੈਨੇਡਾ ’ਚ ਰਚਿਆ ਇਤਿਹਾਸ, ਸਾਰੀ ਦੁਨੀਆ ’ਚ ਹੋ ਰਹੇ ਚਰਚੇ

Monday, Aug 22, 2022 - 06:36 PM (IST)

ਭੋਗਪੁਰ ਨਾਲ ਸੰਬੰਧਤ 16 ਸਾਲਾ ਜਪਗੋਬਿੰਦ ਸਿੰਘ ਨੇ ਕੈਨੇਡਾ ’ਚ ਰਚਿਆ ਇਤਿਹਾਸ, ਸਾਰੀ ਦੁਨੀਆ ’ਚ ਹੋ ਰਹੇ ਚਰਚੇ

ਭੋਗਪੁਰ (ਰਾਣਾ ਭੋਗਪੁਰੀਆ) : ਜਿੱਥੇ ਸਿੱਖ ਕੌਮ ਨੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਉਥੇ ਹੀ ਕੈਨੇਡੀਅਨ ਸਿਟੀਜ਼ਨ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਨਜ਼ਦੀਕ ਪਿੰਡ ਬੁੱਟਰਾਂ ਨਾਲ ਸੰਬੰਧਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ’ਚ ਸੋਲੋ ਪਾਇਲਟ ਬਣ ਕੇ ਕੈਨੇਡਾ ਦੇ ਇਤਿਹਾਸ ’ਚ ਗੌਰਵਮਈ ਪੰਨਾ ਸ਼ਾਮਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਓਨਟਾਰੀਓ ਵਿਚ ਭਾਵੇਂ ਜਪਗੋਬਿੰਦ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ਼ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਫ਼ਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਕਰੜੀ ਮਿਹਨਤ ਕਰਨ ’ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਗੁਰ ਵੀ ਮਿਲਿਆ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਓਂਟਾਰੀਓ ਵਿਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ਵਿਚ ਪੂਰੀ ਕੀਤੀ ਹੈ।

ਇਹ ਵੀ ਪੜ੍ਹੋ : ਐੱਸ. ਸੀ. ਭਾਈਚਾਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਜਪਗੋਬਿੰਦ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਨੇ ਰੋਬੋਟਿਕਸ ਮੁਕਾਬਲਿਆਂ ਵਿਚ ਵੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਹਾਲ ਹੀ ਵਿਚ ਇੰਟਰਨੈਸ਼ਨਲ ਐਵਾਰਡ ਡਿਊਕ ਆਫ ਐਡਿਨਬਰਗ ਕਾਂਸੀ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਖਾਲਸਾ ਸਕੂਲ ਸਰੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਮੁੱਢਲੀ ਸਿਖਿਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਹੁਣ ਜਪਗੋਬਿੰਦ ਨੂੰ ਔਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ਵਿਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। 16 ਸਾਲ ਦੀ ਉਮਰ ਵਿਚ ਯੂਨੀਵਿਰਸਿਟੀ ਵਿਚ ਪੜ੍ਹਾਈ ਵੀ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’, ਚਮਤਕਾਰ ਤੋਂ ਘੱਟ ਨਹੀਂ ਬਜ਼ੁਰਗ ਨਾਲ ਵਾਪਰੀ ਘਟਨਾ (ਵੀਡੀਓ)

ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਦੀ ਖੇਡਾਂ ਵਿਚ ਵਿਸ਼ੇਸ਼ ਰੂਚੀ ਹੈ। ਆਪਣੇ ਸਕੂਲ ਦੀ ਸੋਕਰ ਟੀਮ ਤੋਂ ਇਲਾਵਾ ਜਪਗੋਬਿੰਦ ਈਸਟ ਓਂਟਾਰੀਓ ਡਿਸਟਰਿਕਟ ਸੋਕਰ ਲੀਗ ਵਿਚ ਵੀ ਖੇਡਦਾ ਹੈ। ਪਿਛਲੇ ਦਿਨੀਂ ਸਾਡੇ ਕਈ ਨੌਜਵਾਨਾਂ ਨੇ ਇੰਗਲੈਂਡ ’ਚ ਹੋਈਆਂ ਕੌਮਨਵੈਲਥ ਖੇਡਾਂ ਵਿਚ ਤਮਗੇ ਜਿੱਤ ਕੇ ਕੈਨੇਡਾ ਅਤੇ ਸਿੱਖਾਂ ਦਾ ਮਾਣ ਸਾਰੀ ਦੁਨੀਆਂ ’ਚ ਵਧਾਇਆ ਸੀ, ਉਸ ਦੇ ਨਾਲ ਹੀ ਅੰਮ੍ਰਿਤਧਾਰੀ ਗੁਰਸਿੱਖ ਜਪਗੋਬਿੰਦ ਸਿੰਘ ਨੇ ਛੋਟੀ ਉਮਰ ਦਾ ਸਿੱਖ ਸੋਲੋ ਪਾਇਲਟ ਬਣ ਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉਚਾ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News