ਮਾਨਸਾ ਜ਼ਿਲ੍ਹੇ ''ਚ ਕੋਰੋਨਾ ਦੇ 16 ਨਵੇਂ ਮਾਮਲੇ ਆਏ ਸਾਹਮਣੇ, 8 ਠੀਕ ਹੋ ਪਰਤੇ ਘਰ
Monday, Aug 03, 2020 - 12:26 AM (IST)
ਮਾਨਸਾ,(ਸੰਦੀਪ ਮਿੱਤਲ)- ਅੱਜ ਮਾਨਸਾ ਜ਼ਿਲੇ ’ਚ 16 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ’ਤੇ ਲੋਕਾਂ ’ਚ ਸਹਿਮ ਦਾ ਮਾਹੌਲ ਦੇਖਿਆ ਗਿਆ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਐਤਵਾਰ ਨੂੰ ਮਿਲੀ ਰਿਪੋਰਟ ਅਨੁਸਾਰ 16 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿੰਨ੍ਹਾਂ ’ਚੋਂ 2 ਬੁਢਲਾਡਾ, 1 ਬਹਿਣੀਵਾਲ, 1 ਗਮੀਵਾਲਾ ਅਤੇ 12 ਕੇਸ ਮਾਨਸਾ ਸ਼ਹਿਰ ’ਚੋਂ ਸਾਹਮਣੇ ਆਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਅਤੇ ਕੋਵਿਡ ਕੇਅਰ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਵਿਖੇ ਇਲਾਜ ਤੋਂ ਬਾਅਦ ਅੱਜ 8 ਕੋਰੋਨਾ ਪਾਜ਼ੇਟਿਵ ਵਿਅਕਤੀ ਸਿਹਤਯਾਬ ਹੋਣ ਉਪਰੰਤ ਘਰ ਨੂੰ ਪਰਤ ਗਏ ਹਨ, ਜਿੰਨ੍ਹਾਂ ’ਚ ਇੱਕ 8 ਸਾਲ ਦਾ ਛੋਟਾ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਕੁੱਲ 127 ਕੋਰੋਨਾ ਪਾਜ਼ੇਟਿਵ ਕੇਸ ਸਨ, ਜਿੰਨ੍ਹਾਂ ’ਚੋਂ 90 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਹੁਣ ਜ਼ਿਲੇ ਅੰਦਰ ਕੋਰੋਨਾ ਦੇ 37 ਅਕੈਟਿਵ ਮਰੀਜ਼ ਹਨ, ਜਿੰਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲਾ ਸੈਂਪਲਿੰਗ ਟੀਮ ਵੱਲੋਂ ਕੋਰੋਨਾ ਦੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 18 ਹਜ਼ਾਰ ਤੋਂ ਵੀ ਵਧੇਰੇ ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।