ਮਲੋਟ ’ਚ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਇਕਲੌਤੇ 15 ਸਾਲਾ ਪੁੱਤ ਦੀ ਦਰਦਨਾਕ ਮੌਤ
Monday, Oct 17, 2022 - 05:57 PM (IST)
ਮਲੋਟ (ਜੁਨੇਜਾ) : ਮਲੋਟ-ਬਠਿੰਡਾ ਹਾਈਵੇ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਵਿਦਿਆਰਥੀ ਦੀ ਉਮਰ 15 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਜਾਣਕਾਰੀ ਮੁਤਾਬਕ ਸਥਾਨਕ ਹੋਲੀ ਏਂਜਲ ਪਬਲਿਕ ਸਕੂਲ ਦਾ ਇਕ 10ਵੀਂ ਦਾ ਵਿਦਿਆਰਥੀ ਸਹਿਜਵੀਰ ਸਿੰਘ (15) ਪੁੱਤਰ ਅਮਨਦੀਪ ਸਿੰਘ ਵਾਸੀ ਜੰਡਆਲਾ ਸਕੂਲ ਤੋਂ ਛੁੱਟੀ ਹੋਣ ਮਗਰੋਂ ਮੋਟਰਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ ਸੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਕੈਦੀ ਗੈਂਗਸਟਰ ਦਾ ਕਾਰਾ, ਤਲਾਸ਼ੀ ਲੈਣ ਆਏ ਸੁਪਰਡੈਂਟ 'ਤੇ ਇੱਟ ਨਾਲ ਕੀਤਾ ਹਮਲਾ
ਇਸ ਦੌਰਾਨ ਬਠਿੰਡਾ ਵਾਲੇ ਪਾਸੋਂ ਤੋਂ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ( ਐੱਚ. ਆਰ. 34ਕੇ. 6569) ਨੇ ਪਿੱਛੋਂ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਹਿਸਵੀਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਆਂਦਾ ਪਰ ਉੱਥੇ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੌਰਾਨ ਕਈ ਲੋਕਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਹਾਦਸੇ 'ਚ ਜ਼ਖ਼ਮੀ ਹੋਏ ਵਿਦਿਆਰਥੀ ਨੂੰ ਹਸਪਤਾਲ ਲੈ ਕੇ ਜਾਣ ਹੀ ਬਜਾਏ ਮੋਬਾਇਲ 'ਤੇ ਵੀਡੀਓ ਬਣਾਉਣ ਸ਼ੁਰੂ ਕਰ ਦਿੱਤੀ। ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਪਲਟ ਗਈ ਪਰ ਕਾਰ ਚਾਲਕ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ
ਇਸ ਮੌਕੇ ਗੱਲ ਕਰਦਿਆਂ ਪਿੰਡ ਵਾਸੀਆਂ ਅਤੇ ਮ੍ਰਿਤਕ ਸਹਿਜਵੀਰ ਦੇ ਪਿਤਾ ਦੇ ਚਾਚੇ ਮਲਕੀਤ ਸਿੰਘ ਗ਼ਲਤ ਥਾਂ ਕੱਟ ਹੋਣ ਕਾਰਨ ਇਹ ਹਾਦਸਾ ਵਾਪਰਿਆਂ ਹੈ। ਲੋਕ ਕੱਟ ਤੋਂ ਮੁੜਦੇ ਹਨ ਪਰ ਓਵਰ ਬਰਿੱਜ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੰਦਾ , ਜਿਸ ਕਾਰਨ ਅਜਿਹੇ ਹਾਦਸੇ ਵਾਪਰਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਪਿਆਂ ਦਾ ਇਕਲੌਤਾ ਅਤੇ ਜਿਗਰ ਦਾ ਟੋਟਾ ਵੀ ਪ੍ਰਸਾਸ਼ਨ ਅਤੇ ਹਾਈਵੇ ਦੇ ਅਧਿਕਾਰੀਆਂ ਦੀ ਇਸ ਕੁਤਾਹੀ ਦੀ ਭੇਂਟ ਚੜ੍ਹ ਗਿਆ ਹੈ। ਉਨ੍ਹਾਂ ਇਸ ਕੱਟ ਨੂੰ ਬੰਦ ਕਰਨ ਅਤੇ ਕਾਰ ਚਾਲਕ ਦੀ ਭਾਲ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਙੈ। ਮੌਕੇ 'ਤੇ ਪੁੱਜੀ ਮਲੋਟ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।