ਪੁਲਸ ਹੱਥ ਲੱਗੀ ਵੱਡੀ ਸਫਲਤਾ, 15 ਕਿਲੋ ਅਫੀਮ ਸਮੇਤ 2 ਕਾਬੂ

Monday, Sep 03, 2018 - 02:48 PM (IST)

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ (ਬਿਪਨ) - ਜ਼ਿਲਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ 15 ਕਿਲੋ ਅਫੀਮ ਸਮੇਤ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਤ੍ਰਿਪੁਰਾ ਦੀ ਔਰਤ ਵੀ ਸ਼ਾਮਲ ਹੈ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਹੈ। 

ਉਨ੍ਹਾਂ ਦੱਸਿਆ ਕਿ ਐੱਸ.ਪੀ. (ਡੀ) ਸ. ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਅਮਲੋਹ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਮੰਡੀ ਗੋਬਿੰਦਗੜ੍ਹ ਥਾਣੇ ਦੇ ਮੁੱਖ ਥਾਣਾ ਅਫਸਰ ਇੰਸ. ਕੁਲਜੀਤ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ, ਏ.ਐੱਸ.ਆਈ. ਜਗਦੀਪ ਸਿੰਘ, ਹੈੱਡ ਕਾਂਸਟੇਬਲ ਸੱਜਣ ਸਿੰਘ, ਸਲਾਮਦੀਨ, ਸਮਸ਼ੇਰ ਸਿੰਘ, ਬਲਬੀਰ ਸਿੰਘ, ਕਾਂਸਟੇਬਲ ਮਨੇਸ਼ਰ ਕੁਮਾਰ, ਕਿਰਨਜੀਤ, ਸਵਰਨ ਸਿੰਘ, ਕੁਲਵਿੰਦਰ ਸਿੰਘ ਤੇ ਮਹਿਲਾ ਕਾਂਸਟੇਬਲ ਮਨਦੀਪ ਕੌਰ ਸਰਕਾਰੀ ਗੱਡੀ ਸਕਾਰਪੀਓ ਨੰ: ਪੀ.ਬੀ. 23 ਜੇ 5358 ਜਿਸ ਨੂੰ ਡਰਾਈਵਰ ਹੈੱਡ ਕਾਂਸਟੇਬਲ ਸਤਨਾਮ ਸਿੰਘ ਚਲਾ ਰਹੇ ਸਨ, ਨੇ ਮੰਡੀ ਗੋਬਿੰਦਗੜ੍ਹ ਦੇ ਯੈਸ ਬੈਂਕ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਅਸ਼ੋਕਾ ਲੇਲੈਂਡ ਦਾ ਇਕ ਕੈਂਟਰ ਨੰ: ਪੀ.ਬੀ. 11 ਬੀ.ਵੀ 7979 ਜਿਸ ਦਾ ਰੰਗ ਮਸਟਰਡ ਸੀ, ਸਰਹਿੰਦ ਸਾਈਡ ਵੱਲੋਂ ਆ ਰਿਹਾ ਸੀ, ਜਿਸ ਨੂੰ ਪੁਲਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਦਾ ਨਾਮ ਪੁੱਛਣ 'ਤੇ ਉਸ ਨੇ ਆਪਣਾ ਨਾਂ ਬਬਲੀ ਸਿੰਘ ਪੁੱਤਰ ਮਹਿਤਾਬ ਸਿੰਘ ਦੱਸਿਆ ਤੇ ਉਸ ਨਾਲ ਬੈਠੀ ਔਰਤ ਨੇ ਆਪਣਾ ਨਾਮ ਰੀਨਾ ਦਾਸ ਪਤਨੀ ਸੁਨੀਲ ਦੱਸਿਆ। ਟੀਮ ਵਲੋਂ ਦੋਵਾਂ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਸੀਟ ਦੇ ਪਿਛਲੇ ਪਾਸੇ ਪਏ ਲਿਫਾਫੇ 'ਚੋਂ 7 ਕਿਲੋ ਅਫੀਮ ਬਰਾਮਦ ਹੋਈ ਜਦਕਿ ਰੀਨਾ ਦਾਸ ਦੀਆਂ ਲੱਤਾਂ ਵਿਚਕਾਰ ਰੱਖੇ ਲਾਲ ਰੰਗ ਦੇ ਅਟੈਚੀ ਦੀ ਤਲਾਸ਼ੀ ਲੈਣ 'ਤੇ ਲਿਫਾਫੇ 'ਚੋਂ 8 ਕਿਲੋ ਅਫੀਮ ਬਰਾਮਦ ਹੋਈ। ਪੁਲਸ ਨੇ ਕਥਿਤ ਦੋਸ਼ੀਆਂ ਨੂੰ 15 ਕਿਲੋ ਅਫੀਮ ਬਰਾਮਦ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਖਿਲਾਫ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।  

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮੰਨਿਆਂ ਹੈ ਕਿ ਉਹ ਅਸਾਮ ਤੋਂ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲਿਆਂ 'ਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ, ਕਿਉਕਿ ਇਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News