ਅੰਮ੍ਰਿਤਸਰ ’ਚ 15 ਕਿੱਲੋ ਹੈਰੋਇਨ ਬਰਾਮਦ, ਬਦਨਾਮ ਤਸਕਰ ਹੈੱਪੀ ਜੱਟ ਨੇ ਮੰਗਵਾਈ ਸੀ ਨਸ਼ੇ ਦੀ ਵੱਡੀ ਖੇਪ
Wednesday, Sep 06, 2023 - 07:01 PM (IST)
ਕੱਥੂਨੰਗਲ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 15 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ, ਜੋ ਕਿ ਮੌਜੂਦਾ ਸਮੇਂ ਅੰਮ੍ਰਿਤਸਰ ਦੇ ਨਿਊ ਰਣਜੀਤਪੁਰਾ ਵਿਖੇ ਰਹਿ ਰਿਹਾ ਸੀ। ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਟੀਮਾਂ ਨੇ ਇਕ ਚਿੱਟੇ ਰੰਗ ਦੀ ਹੁੰਡਈ ਗ੍ਰੈਂਡ ਆਈ-10 ਕਾਰ (ਪੀ. ਬੀ 02 ਈ. ਐੱਲ 7922) ਵੀ ਜ਼ਬਤ ਕੀਤੀ ਹੈ, ਜੋ ਕਿ ਉਕਤ ਮੁਲਜ਼ਮ ਤਸਕਰੀ ਲਈ ਵਰਤ ਰਿਹਾ ਸੀ।
ਇਹ ਵੀ ਪੜ੍ਹੋ : ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪਿੰਡ ਪੱਧਰੀ ਰੱਖਿਆ ਕਮੇਟੀ (ਵੀ. ਐੱਲ. ਡੀ. ਸੀ.) ਤੋਂ ਮਿਲੀ ਸੂਹ ਤਹਿਤ ਅੰਮ੍ਰਿਤਸਰ ਪੁਲਸ (ਦਿਹਾਤੀ) ਨੇ ਥਾਣਾ ਕੱਥੂਨੰਗਲ ਦੇ ਖੇਤਰ ਵਿਚ ਕਾਰਵਾਈ ਕੀਤੀ ਅਤੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਉਸਦੀ ਗ੍ਰੈਂਡ ਆਈ-10 ਕਾਰ ਵਿਚੋਂ ਹੈਰੋਇਨ ਦੀ ਖੇਪ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੈਰੋਇਨ ਇਕ ਬੋਰੀ ਵਿਚ ਲੁਕਾ ਕੇ ਰੱਖੀ ਹੋਈ ਸੀ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੀਆਂ-ਪਿਛਲੀਆਂ ਕੜੀਆਂ ਦੀ ਤਫ਼ਤੀਸ਼ ਤੋਂ ਬਾਅਦ ਪੁਲਸ ਨੇ ਮੁਲਜ਼ਮ ਹਰਪ੍ਰੀਤ ਦੇ ਚਾਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਉਰਫ ਗੁੱਗੂ ਉਰਫ ਹੱਡੀ, ਰਾਹੁਲ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਜੱਟ ਸਾਰੇ ਵਾਸੀ ਜੰਡਿਆਲਾ ਗੁਰੂ ਅਤੇ ਗਗਨਦੀਪ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ, ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਦੀ ਖੇਪ ਨਸ਼ਾ ਤਸਕਰ ਹੈਪੀ ਜੱਟ ਦੀ ਸੀ ਅਤੇ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਹਰਪ੍ਰੀਤ ਸਿੰਘ ਉਸ ਦੇ ਨਿਰਦੇਸ਼ਾਂ ’ਤੇ ਖੇਪ ਪਹੁੰਚਾਉਣ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਹੈਪੀ ਜੱਟ ਇਸ ਇਲਾਕੇ ਦਾ ਮੁੱਖ ਸਰਗਨਾ ਅਤੇ ਸਭ ਤੋਂ ਵੱਧ ਲੋੜੀਂਦਾ ਨਸ਼ਾ ਤਸਕਰ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐੱਨ. ਡੀ. ਪੀ. ਐੱਸ ਐਕਟ ਦੀ ਧਾਰਾ 21ਸੀ ਅਤੇ 25 ਤਹਿਤ ਥਾਣਾ ਕੱਥੂਨੰਗਲ ਅੰਮ੍ਰਿਤਸਰ ਵਿਖੇ ਐੱਫ. ਆਈ. ਆਰ. ਨੰ. 101 ਮਿਤੀ 5.9.2023 ਨੂੰ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਮੁੱਖ ਮੰਤਰੀ ਦਾ ਪਹਿਲਾ ਬਿਆਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8