'ਕੋਰੋਨਾ' ਦਾ ਪਟਿਆਲਾ ਨੂੰ ਵੱਡਾ ਝਟਕਾ, ਰਾਜਪੁਰਾ ਦੇ ਇਕੱਠੇ 18 ਕੇਸ ਪਾਜ਼ੇਟਿਵ, ਦਹਿਸ਼ਤ 'ਚ ਲੋਕ
Wednesday, Apr 22, 2020 - 08:32 PM (IST)
ਪਟਿਆਲਾ (ਪਰਮੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਨੂੰ ਬੁੱਧਵਾਰ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਰਾਜਪੁਰਾ 'ਚ ਬੀਤੇ ਦਿਨ ਲਏ ਗਏ 70 'ਚੋਂ 18 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਸ ਨਾਲ ਪਟਿਆਲਾ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤੱਕ ਸਿਰਫ ਇਕ ਮਰੀਜ਼ ਹੀ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਪਰਤਿਆ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਦੀ ਵੈਕਸੀਨ ਦਾ ਟ੍ਰਾਇਲ ਕਰੇਗਾ ਪੀ. ਜੀ. ਆਈ.
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਰਾਜਪੁਰਾ 'ਚ 70 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 18 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ 'ਚ ਸਫਾਬਾਦੀ ਗੇਟ 'ਤੇ ਕਿਤਾਬਾਂ ਵਾਲੇ ਬਾਜ਼ਾਰ ਇਲਾਕੇ 'ਚੋਂ 49 ਹੋਰ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ 'ਚ ਸਾਰੀ ਆਬਾਦੀ ਦੀ ਸਕਰੀਨਿੰਗ ਦਾ 99 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਜਦੋਂ ਕਿ ਰਾਜਪੁਰਾ 'ਚ 60 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।