ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 144 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Thursday, Aug 20, 2020 - 11:32 PM (IST)

ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 144 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਬਠਿੰਡਾ, (ਵਰਮਾ)- ਜ਼ਿਲ੍ਹੇ ’ਚ ਕੋਰੋਨਾ ਦੀ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ 144 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਅਤੇ ਬੇਟੇ ਐਡਵੋਕੇਟ ਰਾਜਨ ਗਰਗ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਵੇਂ ਮਾਮਲੇ ਦੇ ਨਾਲ ਰਾਮਪੁਰਾ ਵਾਸੀ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਗਿਣਤੀ ਵਧਕੇ 23 ਹੋ ਗਈ। ਪਿਛਲੇ 2 ਮਹੀਨਿਆਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਨੂੰ ਦੇਖਦਿਆਂ ਰਾਮਪੁਰਾ ਫੂਲ ਅਤੇ ਭਗਤਾ ਨਵੇਂ ਹਾਟਸਪੌਟ ਬਣਾਏ ਜਾ ਰਹੇ ਹਨ। ਡੀ. ਡੀ. ਮਿੱਤਲ ਟਾਵਰ ਦੇ ਬਾਹਰ ਸਬਜ਼ੀ ਵਿਕਰੇਤਾ ਨੂੰ ਫੜਕੇ ਕੋਵਿਡ ਹਸਪਤਾਲ ਵਿਖੇ ਭੇਜਿਆ ਗਿਆ, ਜਦਕਿ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਸਭ ਤੋਂ ਜ਼ਿਆਦਾ ਮਾਮਲੇ ਰਾਮਪੁਰਾ ਦੇ 19, ਸੈਨਿਕ ਛਾਉਣੀ ਦੇ 17, ਭਗਤਾ ਭਾਈ ਦੇ 10, ਮੌੜ ਮੰਡੀ 5, ਰਾਮਾਂ ਮੰਡੀ 6 ਮਾਮਲੇ ਕੋਰੋਨਾ ਪਾਜ਼ੇਟਿਵ ਮਿਲੇ। ਏਮਜ਼ ਹਸਪਤਾਲ ਦੇ ਵੀ 4 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੀ ਸ਼ਹਿਰੀ ਇਲਾਕਿਆਂ ਪੁਖਰਾਜ ਕਾਲੋਨੀ, ਅਗਰਵਾਲ ਕਾਲੋਨੀ, ਅਮਰਪੁਰਾ ਕਾਲੋਨੀ, ਹੰਸ ਨਗਰ, ਪਾਵਰ ਹਾਊਸ ਰੋਡ, ਮਾਡਲ ਟਾਊਨ, ਬਿਰਧ ਆਸ਼ਰਮ, ਜਨਤਾ ਨਗਰ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਵੀ ਕੋਰੋਨਾ ਪਾਜ਼ੇਟਿਵ ਮਾਮਲੇ ਲਗਤਾਰ ਮਿਲ ਰਹੇ ਹਨ।

ਸਰਕਾਰੀ ਹਸਪਤਾਲ ਦੇ ਮੈਡੀਕਲ ਵਾਰਡ ਨੂੰ ਬਣਾਇਆ ਆਈਸੋਲੇਸ਼ਨ ਵਾਰਡ

ਫਿਲਹਾਲ ਸਿਵਲ ਹਸਪਤਾਲ ਪ੍ਰਸ਼ਾਸਨ ਵਲੋਂ ਕੋਰੋਨਾ ਪਾਜ਼ੇਟਿਵ ਲਈ 25 ਬਿਸਤਰਿਆਂ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ। ਵਾਰਡ ’ਚ ਆਕਸੀਜਨ ਵੀ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਿਆ ਜਾ ਸਕੇ। ਹਾਲਾਂਕਿ ਹਸਪਤਾਲ ’ਚ ਵੈਂਟੀਲੇਟਰ ਸਹੂਲਤਾਂ ਵੀ ਹਨ ਪਰ ਅਮਲੇ ਦੀ ਘਾਟ ਕਾਰਨ ਇਹ ਵਰਤੋਂ ’ਚ ਨਹੀਂ ਆ ਰਿਹਾ ਹੈ, ਜਿਸ ਕਾਰਨ ਐਮਰਜੈਂਸੀ ’ਚ ਕੋਈ ਸਮੱਸਿਆ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ’ਚ, ਕੰਟੇਨਮੈਂਟ ਜ਼ੋਨ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ’ਚ ਘਰ-ਘਰ ਸਰਵੇ ਅਤੇ ਸੈਂਪਲਿੰਗ ਵੀ ਕੀਤੀ ਜਾਏਗੀ।

ਐੱਸ. ਐੱਮ. ਓ. ਡਾ. ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਹਸਪਤਾਲ ਦੇ ਮੈਡੀਕਲ ਵਾਰਡ ਨੂੰ 25 ਬੈੱਡਾਂ ਦਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡੀ. ਡੀ. ਆਰ. ਸੀ. ਸੈਂਟਰ ’ਚ 35 ਬੈੱਡ, ਸਰਕਾਰੀ ਮੈਰੀਟੋਰੀਅਸ ਸਕੂਲ ’ਚ 950 ਅਤੇ ਘੁੱਦਾ ਸਰਕਾਰੀ ਹਸਪਤਾਲ ’ਚ 50 ਬੈੱਡਾਂ ਦੇ ਆਈਸੋਲੇਸ਼ਨ ਵਾਰਡ ’ਚ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਫਲੂ ਕਾਰਨਰ ਆਉਣ ਵਾਲੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜ਼ੁਕਾਮ, ਬੁਖਾਰ, ਖੰਘ, ਸਾਹ ਦੀ ਕਮੀ, ਗਲ਼ੇ ਦਾ ਦਰਦ ਵਾਇਰਸ ਦੇ ਲੱਛਣ ਹਨ। ਜੇਕਰ ਇਹ ਵਿਗੜਦਾ ਹੈ ਤਾਂ ਲਾਗ ਨਮੋਨੀਆ, ਸਾਹ ਲੈਣ ਵਾਲਾ ਸਿੰਡਰੋਮ, ਕਿਡਨੀ ਫੇਲ ਹੋ ਸਕਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਬਚਾਅ ਇੱਕੋ ਇਕ ਰਸਤਾ ਹੈ।

ਨਿੱਜੀ ਹਸਪਤਾਲ ਆਮ ਬੀਮਾਰੀਆਂ ਦੇ ਮਰੀਜ਼ਾਂ ਨੂੰ ਕਰ ਰਹੇ ਸਰਕਾਰੀ ਹਸਪਤਾਲ ਰੈਫਰ

ਡੀ. ਸੀ. ਬੀ. ਸ਼੍ਰੀਨਿਵਾਸਨ ਨੇ 5 ਅਗਸਤ ਨੂੰ ਆਦੇਸ਼ ਹਸਪਤਾਲ ’ਚ 200 ਬਿਸਤਰੇ, ਮੈਕਸ ਸੁਪਰ ਸਪੈਸ਼ਲਿਟੀ 50 ਬੈੱਡ, ਦਿੱਲੀ ਹਾਰਟ 25 ਬੈੱਡ ਅਤੇ 25 ਬੈੱਡਾਂ ਨੂੰ ਆਈ. ਵੀ. ਵਾਈ. ਹਸਪਤਾਲ ’ਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਰਾਖਵਾਂ ਰੱਖਣ ਦਾ ਐਲਾਨ ਕੀਤਾ ਸੀ ਪਰ ਇਸ ਵੇਲੇ ਗਿਣਤੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਜ਼ਿਲੇ ਦੇ ਬਹੁਤ ਸਾਰੇ ਛੋਟੇ ਅਤੇ ਵੱਡੇ ਨਿੱਜੀ ਹਸਪਤਾਲ ਖੰਘ, ਜ਼ੁਕਾਮ ਅਤੇ ਬੁਖਾਰ ਤੋਂ ਇਲਾਵਾ ਆਮ ਬੀਮਾਰੀਆਂ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਚਾਰ ਸੁਪਰ ਸਪੈਸ਼ਲਿਟੀ ਹਸਪਤਾਲਾਂ ’ਚ ਕੁੱਲ 300 ਬੈੱਡਾਂ ਨੂੰ ਰਾਖਵੇਂ ਕਰਨ ਦੇ ਹੁਕਮ ਦੇ ਬਾਵਜੂਦ ਸਥਿਤੀ ਪੂਰੀ ਤਰ੍ਹਾਂ ਉਲਟ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੁੱਧਵਾਰ ਨੂੰ ਵੱਖ-ਵੱਖ ਥਾਵਾਂ ਤੋਂ 4 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਡਿਪਟੀ ਕਮਿਸ਼ਨਰ ਬਠਿੰਡਾ ਬੀ. ਸ਼੍ਰੀਨਿਵਾਸਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।


author

Bharat Thapa

Content Editor

Related News