14221 ਕਿਲੋਮੀਟਰ ਦੌਡ਼ ਕੇ ਅਟਾਰੀ ਬਾਰਡਰ ਪੁੱਜੇ ਭਾਰਤ ਦੇ ਵੀਰ
Saturday, Jul 07, 2018 - 01:26 AM (IST)

ਅੰਮ੍ਰਿਤਸਰ, (ਨੀਰਜ)- ਭਾਰਤ ਦੇ ਸੈਨਿਕਾਂ, ਅਰਧ-ਸੈਨਿਕ ਬਲਾਂ ਅਤੇ ਸੁਰੱਖਿਆ ਏਜੰਸੀਆਂ ਦੇ ਸ਼ਹੀਦਾਂ ਨੂੰ ਸਮਰਪਿਤ ਭਾਰਤ ਦੇ ਵੀਰ ਅਲਟਰਾ ਮੈਰਾਥਨ ਦਾ ਅੱਜ ਅਟਾਰੀ ਬਾਰਡਰ ਰੀਟ੍ਰੀਟ ਸੈਰੇਮਨੀ ਥਾਂ ’ਤੇ ਸਮਾਪਤ ਹੋ ਗਿਆ। ਜਾਣਕਾਰੀ ਅਨੁਸਾਰ 1 ਦਸੰਬਰ 2017 ਨੂੰ ਅਟਾਰੀ ਬਾਰਡਰ ਰੀਟ੍ਰੀਟ ਸੈਰੇਮਨੀ ਥਾਂ ਤੋਂ ਹੀ ਭਾਰਤ ਦੇ ਵੀਰ ਅਲਟਰਾ ਮੈਰਾਥਨ ਦਾ ਆਗਾਜ਼ ਕੀਤਾ ਗਿਆ ਸੀ, ਜੋ 14221 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਅੱਜ ਅਟਾਰੀ ਬਾਰਡਰ ਪਹੁੰਚੀ। ਇਸ ਅਲਟਰਾ ਮੈਰਾਥਨ ਨੂੰ ਮੱਧ ਪ੍ਰਦੇਸ਼ ਦੇ ਜ਼ਿਲਾ ਮੰਦਸੌਰ ਦੇ ਪਿੰਡ ਕਨਹਡ਼ਾ ਵਾਸੀ ਸਮੀਰ ਸਿੰਘ (35) ਨੇ ਆਪਣੇ 6 ਸਾਥੀਆਂ ਨਾਲ ਲੀਡ ਕੀਤਾ, ਜੋ ਹਰ ਰੋਜ਼ 100 ਕਿਲੋਮੀਟਰ ਭੱਜਦੇ ਰਹੇ ਅਤੇ 218 ਦਿਨ ਵਿਚ ਆਪਣਾ ਸਫਰ ਤੈਅ ਕੀਤਾ। ਅਟਾਰੀ ਰੀਟ੍ਰੀਟ ਸੈਰੇਮਨੀ ਥਾਂ ’ਤੇ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਮੁਕੁਲ ਗੋਇਲ, ਡੀ. ਆਈ. ਜੀ. ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਜੇ. ਐੱਸ. ਓਬਰਾਏ, ਕਮਾਂਡੈਂਟ ਸੁਦੀਪ ਕੁਮਾਰ ਤੇ ਡੀ. ਸੀ. ਜੀ. ਏ. ਸੰਤੋਸ਼ ਸਿੰਘ ਵੱਲੋਂ ਸਮੀਰ ਸਿੰਘ ਦੀ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਅਲਟਰਾ ਮੈਰਾਥਨ ਸਮਾਪਤ ਕਰਵਾਈ ਗਈ।
ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਵੱਲੋਂ ਅਲਟਰਾ ਮੈਰਾਥਨ ਨੂੰ ਸਪਾਂਸਰ ਕੀਤਾ ਗਿਆ, ਹਾਲਾਂਕਿ ਉਹ ਇਸ ਦੇ ਸਮਾਪਤੀ ਸਮਾਰੋਹ ਵਿਚ ਨਹੀਂ ਆਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 35 ਸਾਲ ਦੀ ਉਮਰ ਵਿਚ ਦੌਡ਼ਨਾ ਸ਼ੁਰੂ ਕੀਤਾ ਸੀ, ਲਗਾਤਾਰ 7 ਮਹੀਨਿਆਂ ਵਿਚ 24 ਰਾਜਾਂ ਦੇ ਸੀਮਾਵਰਤੀ ਇਲਾਕਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਭਾਰਤ ਦੇ ਬਹਾਦਰਾਂ ਲਈ ਦੌਡ਼ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਤੇ ਲੋਕਾਂ ਨੂੰ ਦੇਸ਼ ਲਈ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਸ਼ਹਾਦਤ ਦਾ ਮਹੱਤਵ ਸਮਝਾਇਆ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਵੱਲੋਂ ਸੀਮਾਵਰਤੀ ਇਲਾਕਿਆਂ, ਰੇਗਿਸਤਾਨ, ਸਮੁੰਦਰੀ ਇਲਾਕਿਆਂ ਵਿਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਵੀ ਸਾਰਿਅਾਂ ਨੂੰ ਜਾਗਰੂਕ ਕੀਤਾ ਗਿਆ। ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਸ਼ਹੀਦ ਸੈਨਿਕਾਂ ਨੂੰ ਸਲਾਮ ਕਰਨ ਲਈ ਭੱਜਦੇ ਰਹਿਣਗੇ।