ਪੰਜਾਬ ਤੋਂ ਯੂ. ਪੀ., ਬਿਹਾਰ ਜਾਣ ਵਾਲੇ 14 ਦਿਨਾਂ ਲਈ ਹੋਣਗੇ ''ਕੁਆਰੰਟਾਈਨ''
Monday, May 04, 2020 - 09:37 AM (IST)
ਲੁਧਿਆਣਾ (ਧੀਮਾਨ) : ਸਰਕਾਰ ਨੇ ਯੂ. ਪੀ. ਅਤੇ ਬਿਹਾਰ ਤੋਂ ਆਈ ਲੇਬਰ ਨੂੰ ਉਨ੍ਹਾਂ ਦੇ ਘਰ ਭਜੇਣ ਲਈ ਅਰਜ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਨੂੰ ਇਹ ਗੱਲ ਨਹੀਂ ਦੱਸੀ ਕਿ ਉੱਥੇ ਜਾਂਦੇ ਹੀ ਉਨ੍ਹਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਇਕੱਠੇ ਹਜ਼ਾਰਾਂ ਦੀ ਗਿਣਤੀ 'ਚ ਲੇਬਰ ਦਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਕੋਰੋਨਾ ਵਰਗੀ ਗੰਭੀਰ ਬੀਮਾਰੀ ਦੀ ਲਪੇਟ 'ਚ ਆਉਣ ਦਾ ਖਤਰਾ ਜ਼ਿਆਦਾ ਹੋਵੇਗਾ।
ਕੰਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਪੰਜਾਬ) ਦੇ ਚੇਅਰਮੈਨ ਰਾਹੁਲ ਆਹੂਜਾ ਦਾ ਕਹਿਣਾ ਹੈ ਕਿ ਸਰਕਾਰ ਨੇ ਲੇਬਰ ਦੇ ਘਰ ਜਾਣ ਲਈ ਜੋ ਅਰਜ਼ੀਆਂ ਮੰਗੀਆਂ ਹਨ, ਉਨ੍ਹਾਂ 'ਚ ਕਿਤੇ ਨਹੀਂ ਲਿਖਿਆ ਕਿ ਲੇਬਰ ਦੇ ਉੱਥੇ ਪੁੱਜਦੇ ਹੀ 14 ਦਿਨਾਂ ਲਈ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਵੇਗਾ। ਸਿਰਫ ਲੁਧਿਆਣਾ ਤੋਂ 50 ਹਜ਼ਾਰ ਤੋਂ ਜ਼ਿਆਦਾ ਲੇਬਰ ਨੇ ਘਰ ਜਾਣ ਲਈ ਅਰਜ਼ੀਆਂ ਭਰੀਆਂ ਹਨ। 14 ਦਿਨਾਂ ਲਈ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਕਰੀਬ ਡੇਢ ਮਹੀਨਾ ਤਾਂ ਉਨ੍ਹਾਂ ਦਾ ਆਉਣ-ਜਾਣ 'ਚ ਹੀ ਨਿਕਲ ਜਾਵੇਗਾ। ਕਿੰਨੇ ਦਿਨ ਉਹ ਘਰ ਵਾਲਿਆਂ ਕੋਲ ਫਸੇ ਰਹਿਣਗੇ। ਇਸ ਲਈ ਵਧੀਆ ਹੋਵੇਗਾ ਕਿ ਹਾਲਾਤ ਨੂੰ ਸੁਧਰਨ ਦਿੱਤਾ ਜਾਵੇ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਹਜ਼ਾਰਾਂ ਦੀ ਗਿਣਤੀ 'ਚ ਲੇਬਰ 'ਚੋਂ ਕਿਸੇ ਇਕ ਨੂੰ ਵੀ ਕੋਰੋਨਾ ਹੋ ਗਿਆ ਤਾਂ ਇੰਨੀ ਵੱਡੀ ਭੀੜ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਨਾਂਦੇੜ ਤੋਂ ਸਿਰਫ 3 ਹਜ਼ਾਰ ਲੋਕ ਹੀ ਪੰਜਾਬ ਆਏ, ਉੱਥੋਂ ਉਹ ਸਹੀ-ਸਲਾਮਤ ਚੱਲੇ ਪਰ ਰਸਤੇ 'ਚ ਹੀ ਉਨ੍ਹਾਂ 'ਚੋਂ ਸੈਂਕੜੇ ਪਾਜ਼ੇਟਿਵ ਹੋ ਗਏ। ਜੇਕਰ ਹਜ਼ਾਰਾਂ ਲੋਕ ਇਸ ਹਾਲਾਤ 'ਚ ਆ ਗਏ ਤਾਂ ਸਰਕਾਰ ਲਈ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਅਤੇ ਜੇਕਰ ਕੋਈ ਕੋਰੋਨਾ ਪੀੜਤ ਪਿੰਡ ਪਹੁੰਚ ਗਿਆ ਤਾਂ ਉੱਥੋਂ ਦੇ ਲੋਕ ਵੀ ਇਸ ਬੀਮਾਰੀ ਤੋਂ ਅਛੂਤੇ ਨਹੀਂ ਰਹਿ ਸਕਣਗੇ।