ਸਮਰਾਲਾ : ਜ਼ਹਿਰੀਲਾ ਚਾਰਾ ਖਾਣ ਨਾਲ 14 ਗਾਵਾਂ ਦੀ ਮੌਤ
Saturday, Sep 10, 2022 - 04:38 AM (IST)
ਸਮਰਾਲਾ (ਬਿਪਨ) : ਸਥਾਨਕ ਜੋਗੀ ਪੀਰ ਗਊਸ਼ਾਲਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਾਵਾਂ ਦੀ ਮੌਤ ਹੋ ਗਈ। ਲੁਧਿਆਣਾ ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਤੇ ਤੂੜੀ ਦੇ ਸੈਂਪਲ ਵੀ ਲਏ। ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗਾਵਾਂ ਦੀ ਹੋਈ ਮੌਤ ਦੀ ਸੱਚਾਈ ਜਾਣਨ ਲਈ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ।
ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਾਵਾਂ ਨੂੰ ਚਾਰਾ ਪਾਇਆ ਗਿਆ ਸੀ। ਸਵੇਰੇ ਦੇਖਿਆ ਤਾਂ 14 ਗਾਵਾਂ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ। ਗਊਸ਼ਾਲਾ ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਾਵਾਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਇਸ ਮਗਰੋਂ ਇਕ ਟੀਮ ਆਈ, ਜਿਸ ਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ। ਚਾਰੇ 'ਚ ਕੋਈ ਜ਼ਹਿਰੀਲੀ ਚੀਜ਼ ਹੋਣਾ ਪਾਇਆ ਗਿਆ ਹੈ। ਮੈਨੇਜਰ ਅਨੁਸਾਰ ਇਹ ਚਾਰਾ ਦੁਧਾਰੂ ਗਾਵਾਂ ਨੂੰ ਨਹੀਂ ਪਾਇਆ ਗਿਆ ਸੀ, ਜਿਸ ਕਰਕੇ ਬਾਕੀ ਗਾਵਾਂ ਬਚ ਗਈਆਂ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ 13 ਸਾਲਾ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
ਇਸ ਘਟਨਾ ਮਗਰੋਂ ਗਊਸ਼ਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਦੀ ਸੱਚਾਈ ਜਾਣਨ ਲਈ ਪੜਤਾਲ ਹੋਣੀ ਚਾਹੀਦੀ ਹੈ। ਆਖਿਰ ਜ਼ਹਿਰੀਲਾ ਚਾਰਾ ਕਿਵੇਂ ਗਊਸ਼ਾਲਾ ਤੱਕ ਪੁੱਜਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਗਊਸ਼ਾਲਾਵਾਂ ਅੰਦਰਲੇ ਪ੍ਰਬੰਧਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ।
ਗਊਸ਼ਾਲਾ 'ਚ ਰੋਜ਼ਾਨਾ ਚੈੱਕਅਪ ਲਈ ਆਉਣ ਵਾਲੇ ਵੈਟਰਨਰੀ ਡਾ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗਊਸ਼ਾਲਾ 'ਚ ਜੋ ਚਾਰਾ ਆਇਆ ਸੀ, ਉਸ ਵਿੱਚ ਜ਼ਹਿਰ ਸੀ, ਜਿਸ ਕਰਕੇ ਗਾਵਾਂ ਦੀ ਮੌਤ ਹੋਈ। ਲੁਧਿਆਣਾ ਤੋਂ ਆਏ ਡਾ. ਜਸਵਿੰਦਰ ਸੋਢੀ ਨੇ ਸੈਂਪਲ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰੇ 'ਚ ਜ਼ਹਿਰ ਸੀ, ਜਿਸ ਨੇ ਗਾਵਾਂ ਦੀ ਜਾਨ ਲਈ। ਬਾਕੀ ਗਊਆਂ ਠੀਕ ਹਨ।
ਇਹ ਵੀ ਪੜ੍ਹੋ : ਬਹੁਤ ਲਾਟਰੀਆਂ ਪਾਈਆਂ ਪਰ ਜਦੋਂ ਘਰਵਾਲੀ ਦੇ ਨਾਂ 'ਤੇ ਪਾਈ ਤਾਂ ਹੋ ਗਿਆ ਮਾਲਾ-ਮਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।