130 ਹਿੰਦੂ ਯਾਤਰੀਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ
Sunday, Dec 09, 2018 - 10:41 PM (IST)

ਅੰਮ੍ਰਿਤਸਰ (ਮਮਤਾ)-ਪਾਕਿਸਤਾਨ ਸਥਿਤ ਹਿੰਦੂ ਤੀਰਥ ਅਸਥਾਨਾਂ ਦੀ ਯਾਤਰਾ ਲਈ ਅੱਜ ਅੰਮ੍ਰਿਤਸਰ ਤੋਂ 130 ਹਿੰਦੂ ਤੀਰਥ ਯਾਤਰੀਆਂ ਦਾ ਜਥਾ ਰਵਾਨਾ ਹੋਇਆ, ਜਿਸ ਦੀ ਅਗਵਾਈ ਕੇਂਦਰੀ ਸਨਾਤਨ ਧਰਮ ਸਭਾ ਵੱਲੋਂ ਸ਼ਿਵ ਪ੍ਰਤਾਪ ਬਜਾਜ ਕਰ ਰਹੇ ਹਨ। ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 170 ਯਾਤਰੀਆਂ ਦੇ ਪਾਸਪੋਰਟ ਭੇਜੇ ਗਏ ਸਨ, ਜਿਨ੍ਹਾਂ 'ਚ 130 ਯਾਤਰੀਆਂ ਨੂੰ ਵੀਜ਼ਾ ਮਿਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜਥੇ ਵਿਚ ਕਾਫੀ ਘੱਟ ਯਾਤਰੀ ਪਾਕਿਸਤਾਨ ਜਾਂਦੇ ਹਨ, ਪਾਕਿਸਤਾਨ ਸਰਕਾਰ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਵੱਧ ਤੋਂ ਵੱਧ ਯਾਤਰੀਆਂ ਨੂੰ ਵੀਜ਼ਾ ਦੇਣੇ ਚਾਹੀਦੇ ਹਨ। ਯਾਤਰੀਆਂ ਦਾ ਜਥਾ ਅੱਜ ਸ਼ਾਮ ਤੱਕ ਲਾਹੌਰ ਪਹੁੰਚੇਗਾ ਤੇ ਸੋਮਵਾਰ ਨੂੰ ਕਟਾਸਰਾਜ ਲਈ ਰਵਾਨਾ ਹੋਵੇਗਾ। 12 ਦਸੰਬਰ ਤੱਕ ਕਟਾਸਰਾਜ ਸਥਿਤ ਸ਼ਿਵ ਮੰਦਰ ਤੇ ਹੋਰ ਪ੍ਰਾਚੀਨ ਮੰਦਰਾਂ ਦੇ ਦਰਸ਼ਨ ਅਤੇ ਅਮਰਕੁੰਡ 'ਚ ਇਸ਼ਨਾਨ ਕਰਨ ਉਪਰੰਤ ਉਹ 13 ਨੂੰ ਲਾਹੌਰ ਵਾਪਸ ਆਉਣਗੇ ਤੇ 15 ਦਸੰਬਰ ਨੂੰ ਵਾਪਸ ਭਾਰਤ ਆਉਣਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਨਾਲ ਪਾਕਿਸਤਾਨ ਸਥਿਤ ਮੰਦਰਾਂ ਲਈ ਪੂਜਾ ਅਰਚਨਾ ਦਾ ਸਾਮਾਨ ਤੇ ਮੂਰਤੀਆਂ ਵੀ ਲੈ ਕੇ ਜਾ ਰਹੇ ਹਨ।