ਸੋਲਨ ਜ਼ਿਲ੍ਹੇ ਦੀ 13 ਸਾਲਾ ਮੁਸਕਾਨ ਦਾ ਹੁਣ ਚੇਨੱਈ 'ਚ ਧੜਕੇਗਾ 'ਦਿਲ', ਬਾਕੀ ਅੰਗ ਵੀ PGI 'ਚ ਹੋਏ ਦਾਨ

04/05/2022 1:34:54 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਵਿਚ ਇਕ ਹਫ਼ਤੇ ਬਾਅਦ ਫਿਰ ਤੋਂ ਇਕ ਬਰੇਨ ਡੈੱਡ ਮਰੀਜ਼ ਦੀ ਬਦੌਲਤ ਕਈ ਲੋਕਾਂ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੀ ਹੈ। 13 ਸਾਲਾ ਮਾਸੂਮ ਮੁਸਕਾਨ ਦੇ ਅੰਗ ਪੀ. ਜੀ. ਆਈ. ਵਿਚ ਦਾਨ ਹੋਏ ਹਨ, ਜਿਸ ਕਾਰਣ 6 ਲੋਕਾਂ ਨੂੰ ਅੰਗ ਟਰਾਂਸਪਲਾਂਟ ਕੀਤੇ ਗਏ ਹਨ। ਮੁਸਕਾਨ ਦਾ ਦਿਲ, ਲੀਵਰ, ਕਿਡਨੀ, ਪੇਂਕਰੀਆਜ਼ ਅਤੇ ਕਾਰਨੀਆ ਦਾਨ ਹੋਇਆ ਹੈ। ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਰਬੋਨ ਦੀ ਰਹਿਣ ਵਾਲੀ ਮੁਸਕਾਨ 24 ਮਾਰਚ ਨੂੰ ਸਾਈਕਲ ਚਲਾਉਂਦੇ ਸਮੇਂ ਉਚਾਈ ਤੋਂ ਡਿੱਗ ਗਈ ਅਤੇ ਉਸ ਦੇ ਸਿਰ ਵਿਚ ਕਾਫੀ ਗੰਭੀਰ ਸੱਟ ਲੱਗੀ ਸੀ। ਮਰੀਜ਼ ਨੂੰ ਐਮਰਜੈਂਸੀ ਵਿਚ ਸੋਲਨ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਪਰ ਗੰਭੀਰ ਹਾਲਤ ਹੋਣ ਕਾਰਣ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਸੀ। ਪੀ. ਜੀ. ਆਈ. ਨਿਊਰੋ ਸਰਜਰੀ ਵਿਭਾਗ ਦੇ ਡਾ. ਅਪਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਸ ਕਾਫ਼ੀ ਮੁਸ਼ਕਿਲ ਸੀ, ਮਰੀਜ਼ ਨੂੰ ਕਾਫੀ ਗੰਭੀਰ ਸੱਟ ਲੱਗੀ ਸੀ। ਅਸੀਂ ਵਿਭਾਗ ਦੇ ਹੈੱਡ ਪ੍ਰੋ. ਐੱਸ. ਕੇ. ਗੁਪਤਾ ਦੀ ਨਿਗਰਾਨੀ ਵਿਚ ਮੁਸਕਾਨ ਨੂੰ ਬਚਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਨਿਊਰੋ ਸਰਜਰੀ ਕੀਤੀ ਪਰ ਉਸਦੀ ਹਾਲਤ ਵਿਗੜਦੀ ਰਹੀ। ਸਿਰ ਦੀ ਸੱਟ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਸਕਾਨ ਦੇ ਬਚਣ ਦੀ ਸੰਭਾਵਨਾ ਬੇਹੱਦ ਘੱਟ ਲੱਗ ਰਹੀ ਸੀ ਅਤੇ ਅਸੀਂ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਅਸੀਂ ਟਰਾਂਸਪਲਾਂਟ ਕੋ-ਆਰਡੀਨੇਟਰਜ਼ ਨੂੰ ਵੀ ਸਲਾਹ ਦਿੱਤੀ ਕਿ ਉਹ ਪਰਿਵਾਰ ਨੂੰ ਅੰਗ ਦਾਨ ਬਾਰੇ ਕਾਊਂਸਿਲ ਕਰਨ। 2 ਅਪ੍ਰੈਲ ਨੂੰ ਮੁਸਕਾਨ ਨੂੰ ਸਾਰੇ ਪ੍ਰੋਟੋਕਾਲ ਤੋਂ ਬਾਅਦ ਬਰੇਨ ਡੈੱਡ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਰੱਬ ਅਜਿਹੀ ਕਲਯੁਗੀ ਮਾਂ ਕਿਸੇ ਬੱਚੇ ਨੂੰ ਨਾ ਦੇਵੇ, ਇਸ ਮਾਸੂਮ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ
ਦਿਲ ਭੇਜਿਆ ਐੱਮ. ਜੀ. ਐੱਮ. ਹੈਲਥ ਕੇਅਰ ਚੇਨੱਈ
ਪੀ. ਜੀ. ਆਈ. ਮੈਡੀਕਲ ਸੁਪਰੀਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਦੱਸਿਆ ਕਿ ਦਿਲ ਦੇ ਮੈਚਿੰਗ ਰਿਸੀਪਿਅੰਟ ਪੀ. ਜੀ. ਆਈ. ਵਿਚ ਨਹੀਂ ਮਿਲਿਆ। ਜਿਸ ਤੋਂ ਬਾਅਦ ਨੋਟਾਂ (ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗਨਾਈਜੇਸ਼ਨ) ਨਾਲ ਸੰਪਰਕ ਕੀਤਾ ਗਿਆ। ਐੱਮ. ਜੀ. ਐੱਮ. ਹੈਲਥ ਕੇਅਰ ਚੇਨੱਈ ਵਿਚ ਦਾਖ਼ਲ ਇਕ ਮਰੀਜ਼ ਨਾਲ ਦਿਲ ਦੀ ਮੈਚਿੰਗ ਹੋਈ। ਪੀ. ਜੀ. ਆਈ. ਵੱਲੋਂ ਦੁਪਹਿਰ 2.30 ਵਜੇ ਗਰੀਨ ਕਾਰੀਡੋਰ ਬਣਾ ਕੇ ਦਿਲ ਭੇਜਿਆ ਗਿਆ, ਜਿਸ ਨੂੰ ਚੰਡੀਗੜ੍ਹ ਅਤੇ ਮੋਹਾਲੀ ਟ੍ਰੈਫਿਕ ਪੁਲਸ ਵਿਭਾਗਾਂ ਅਤੇ ਹਵਾਈ ਅੱਡਾ ਅਧਿਕਾਰੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਦੁਪਹਿਰ 3.25 ਵਜੇ ਦਿਲ ਨੂੰ ਏਅਰਲਿਫਟ ਕੀਤਾ ਗਿਆ ਸੀ ਅਤੇ ਇਹ 3 ਅਪ੍ਰੈਲ ਨੂੰ ਰਾਤ 8.27 ਵਜੇ ਉੱਥੇ ਪਹੁੰਚਿਆ। ਉੱਥੇ ਹੀ ਨੇਫਰੋਲਾਜੀ ਅਤੇ ਹੈਪੇਟੋਲਾਜੀ ਵਿਭਾਗਾਂ ਨੇ ਕਈ ਮਰੀਜ਼ਾਂ ਦੀ ਪਛਾਣ ਕੀਤੀ, ਜਿਨ੍ਹਾਂ ਨੂੰ ਛੇਤੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਕਰਾਸ ਮੈਚ ਨਾਲ ਲੀਵਰ, ਕਿਡਨੀ ਅਤੇ ਪੇਂਕਰੀਆਜ ਅਤੇ ਕਿਡਨੀ ਲਈ ਤਿੰਨ ਰਿਸੀਪਿਅੰਟ ਦੀ ਪਛਾਣ ਹੋਈ ਅਤੇ ਸਾਰੇ ਆਰਗਨ ਦੇ ਟਰਾਂਸਪਲਾਂਟ 4 ਅਪ੍ਰੈਲ ਦੇ ਸ਼ੁਰੂਆਤੀ ਘੰਟਿਆਂ ਤੱਕ ਪੂਰੇ ਕੀਤੇ ਗਏ। ਕਾਰਨੀਆ ਪੀ. ਜੀ. ਆਈ. ਵਿਚ ਮਰੀਜ਼ਾਂ ਨੂੰ ਲਗਾਏ ਗਏ ਹਨ।

ਇਹ ਵੀ ਪੜ੍ਹੋ : ਸੁਨਾਮ ਦੇ ਨੌਜਵਾਨ ਨੇ ਨਸ਼ਾ ਛੱਡਣ ਦੀ ਠਾਣੀ ਤਾਂ ਉਲਟ ਪੈ ਗਈ ਸਾਰੀ ਕਹਾਣੀ, ਮਾਂ ਨੇ ਬਿਆਨ ਕੀਤਾ ਦਰਦ
ਸਾਨੂੰ ਅਸਲੀਅਤ ਵਿਚ ਲੱਗਾ ਕਿ ਮੁਸਕਾਨ ਕਹਿ ਰਹੀ ਸੀ, ਇਹ ਕਰੋ
ਪਿਤਾ ਰਾਜੀਵ ਗਰੋਵਰ ਅਤੇ ਮਾਂ ਸਮ੍ਰਿਤੀ ਗਰੋਵਰ ਨੇ ਇਸ ਦੁੱਖ ਦੀ ਘੜੀ ਵਿਚ ਵੀ ਹੌਂਸਲੇ ਵਾਲਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਉਨ੍ਹਾਂ ਦੀ ਧੀ ਕਿਸੇ ਮਕਸਦ ਲਈ ਦੁਨੀਆ ਵਿਚ ਆਈ ਸੀ। ਮੁਸਕਾਨ ਹੀ ਜੀਵਨ ਦੀ ਤਸਵੀਰ ਸੀ। ਉਸ ਨੇ ਜੋ ਕੁੱਝ ਵੀ ਕੀਤਾ, ਉਸ ਵਿਚ ਉਹ ਸਭ ਤੋਂ ਚੰਗੀ ਸੀ। ਆਰਗਨ ਡੋਨੇਸ਼ਨ ਲਈ ਹਾਂ ਕਹਿਣਾ ਸਭ ਤੋਂ ਮੁਸ਼ਕਿਲ ਸੀ ਪਰ ਕਿਸੇ ਤਰ੍ਹਾਂ ਸਾਨੂੰ ਲੱਗਾ ਕਿ ਇਹ ਕੁੱਝ ਅਜਿਹਾ ਹੈ, ਜੋ ਸਾਨੂੰ ਕਰਨਾ ਚਾਹੀਦਾ ਹੈ ਅਤੇ ਸਾਨੂੰ ਅਸਲੀਅਤ ਵਿਚ ਲੱਗਾ ਕਿ ਇਹ ਮੁਸਕਾਨ ਕਹਿ ਰਹੀ ਸੀ, ਇਹ ਕਰੋ।
‘ਸੌਖਾ ਫ਼ੈਸਲਾ ਨਹੀਂ’
ਡਾਇਰੈਕਟਰ ਪੀ. ਜੀ. ਆਈ. ਡਾ. ਸੁਰਜੀਤ ਸਿੰਘ ਨੇ ਇਸ ਕੇਸ ਬਾਰੇ ਕਿਹਾ ਕਿ ਇਹ ਸੌਖਾ ਨਹੀਂ ਹੈ, ਕਿਸੇ ਵੀ ਪਰਿਵਾਰ ਲਈ ਦੁੱਖ ਦੀ ਇਸ ਘੜੀ ਵਿਚ ਦੂਜੇ ਦੀ ਮਦਦ ਕਰਨਾ ਇਕ ਬਹੁਤ ਮੁਸ਼ਕਿਲ ਕੰਮ ਹੈ। ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ। ਪੀ. ਜੀ. ਆਈ. ਡਾਕਟਰ ਅਤੇ ਸਾਰੀ ਟੀਮ ਦਾ ਇਸ ਵਿਚ ਸਹਿਯੋਗ ਹੈ ਪਰ ਇਹ ਸਭ ਬੇਕਾਰ ਹੈ, ਜੇਕਰ ਪਰਿਵਾਰ ਦੀ ਰਜ਼ਾਮੰਦੀ ਨਾ ਹੋਵੇ। ਉਮੀਦ ਹੈ ਇਨ੍ਹਾਂ ਤੋਂ ਹੋਰ ਲੋਕ ਵੀ ਆਰਗਨ ਡੋਨੇਸ਼ਨ ਨੂੰ ਲੈ ਕੇ ਜਾਗਰੂਕ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News