12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ, 158 ਕੇਂਦਰ ਬਣਾਏ
Wednesday, Feb 28, 2018 - 11:40 AM (IST)

ਪਟਿਆਲਾ/ਰੱਖੜਾ (ਰਣਜੀਤ ਰਾਣਾ) - ਸੂਬੇ ਭਰ 'ਚ 12ਵੀਂ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਜ਼ਿਲਾ ਸਿੱਖਿਆ ਵਿਭਾਗ ਪਟਿਆਲਾ ਵੱਲੋਂ ਪੇਪਰਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਿੱਖਿਆ ਅਧਿਕਾਰੀ ਕੰਵਲ ਕੁਮਾਰੀ ਨੇ ਦੱਸਿਆ ਕਿ ਜ਼ਿਲੇ ਦੇ ਸਕੂਲਾਂ 'ਚ 158 ਪ੍ਰੀਖਿਆ ਕੇਂਦਰ ਬਣਾ ਕੇ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਤਾਇਨਾਤ ਕੀਤੇ ਗਏ। ਜੇਕਰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਦੀ ਗੱਲ ਕਰੀਏ ਤਾਂ ਤਿਆਰੀਆਂ ਨਾਮਾਤਰ ਦਿਸ ਰਹੀਆਂ ਹਨ। ਪਹਿਲਾਂ ਤਾਂ ਜ਼ਿਲੇ ਭਰ 'ਚ ਬਣਾਏ ਪ੍ਰੀਖਿਆ ਕੇਂਦਰਾਂ ਦੀ ਦੂਰੀ ਤੋਂ ਵਿਦਿਆਰਥੀਆਂ ਦੇ ਮਾਪੇ ਅਸੰਤੁਸ਼ਟ ਪਾਏ ਜਾ ਰਹੇ ਹਨ, ਉਥੇ ਲਾਏ ਗਏ ਸੁਪਰਡੈਂਟਾਂ ਅਤੇ ਸਕੂਲ ਪ੍ਰਿੰਸੀਪਲਾਂ 'ਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਜਿਹੜੇ ਪ੍ਰੀਖਿਆ ਕੇਂਦਰਾਂ 'ਚ ਸੁਪਰਡੈਂਟ ਲਾਏ ਗਏ ਹਨ, ਉਨ੍ਹਾਂ ਨੂੰ 65 ਕਿਲੋਮੀਟਰ ਦਾ ਸਫਰ ਤਹਿ ਕਰ ਕੇ ਕੇਂਦਰਾਂ ਤੱਕ ਪੁੱਜਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਸਕੂਲ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਨੂੰ 8 ਤੋਂ 11 ਕਿਲੋਮੀਟਰ ਦੂਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਥੋਪੀ ਗਈ ਹੈ। ਬਹੁਤੇ ਪ੍ਰਿੰਸੀਪਲਾਂ ਨੇ ਤਾਂ ਸਾਫ ਲਫਜ਼ਾਂ 'ਚ ਵਿਦਿਆਰਥੀਆਂ ਨੂੰ ਪਹੁੰਚਾਉਣ ਵਾਲੀ ਜ਼ਿੰਮੇਵਾਰੀ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਪੰਜਾਬ ਦੇ ਸਿੱਖਿਆ ਸਕੱਤਰ ਵੱਲੋਂ ਤਿੰਨ ਕਿਲੋਮੀਟਰ ਤੋਂ ਵੱਧ ਦੂਰੀ 'ਤੇ ਪ੍ਰੀਖਿਆ ਕੇਂਦਰ ਬਣਾਉਣ ਲਈ ਗੁਰੇਜ਼ ਕਰਨ ਲਈ ਹਦਾਇਤ ਦਿੱਤੀ ਸੀ। ਦੂਰ-ਦੁਰਾਡੇ ਪ੍ਰੀਖਿਆ ਕੇਂਦਰਾਂ 'ਚ ਡਿਊਟੀਆਂ ਲਾਉਣ ਨੂੰ ਲੈ ਕੇ ਸਮੁੱਚੇ ਸੁਪਰਡੈਂਟ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਮਿਲੇ ਅਤੇ ਉਨ੍ਹਾਂ ਨੇ ਮਾਮਲਾ ਵਿਚਾਰ ਅਧੀਨ ਹੋਣ ਦਾ ਦੱਸ ਕੇ ਟਾਲ ਦਿੱਤਾ।