ਵੋਟਿੰਗ ਦੌਰਾਨ ਪੰਜਾਬ ਦੇ 12,000 ਪੋਲਿੰਗ ਸਟੇਸ਼ਨ ਹੋਣਗੇ ਲਾਈਵ

05/09/2019 11:32:51 AM

ਲੁਧਿਆਣਾ (ਹਿਤੇਸ਼) : ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵਲੋਂ ਪਾਰਦਰਸ਼ਤਾ ਦੇ ਨਾਂ 'ਤੇ ਕਈ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਪੰਜਾਬ ਦੇ 12 ਹਜ਼ਾਰ ਪੋਲਿੰਗ ਸਟੇਸ਼ਨਾਂ ਨੂੰ ਵੋਟਿੰਗ ਦੌਰਾਨ ਲਾਈਵ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਇਲੈਕਸ਼ਨ ਕਮਿਸ਼ਨਰ ਐੱਸ. ਕੇ. ਰਾਜੂ ਨੇ ਦੱਸਿਆ ਕਿ ਇਸ ਫੈਸਲੇ ਦਾ ਮਕਸਦ ਸੁਰੱਖਿਆ ਯਕੀਨੀ ਬਣਾਉਣਾ ਹੈ, ਜਿਸ ਦੇ ਤਹਿਤ ਮਾਰਕ ਕੀਤੇ ਗਏ ਪੋਲਿੰਗ ਸਟੇਸ਼ਨਾਂ 'ਤੇ ਕੈਮਰਿਆਂ ਦੀ ਟੈਸਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ।
ਯੋਜਨਾ 'ਤੇ ਇਕ ਨਜ਼ਰ
ਪੰਜਾਬ 'ਚ ਲੋਕ ਸਭਾ ਚੋਣਾਂ ਲਈ ਬਣਾਏ ਗਏ ਹਨ 22,213 ਪੋਲਿੰਗ ਸਟੇਸ਼ਨ।
12,000 ਤੋਂ ਜ਼ਿਆਦਾ ਪੋਲਿੰਗ ਸਟੇਸ਼ਨਾਂ ਨੂੰ ਕੀਤਾ ਗਿਆ ਹੈ ਸੈਂਸਟਿਵ ਮਾਰਕ।
ਜ਼ਿਆਦਾ ਸੈਂਸਟਿਵ ਅਤੇ ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਬਣਾਈ ਗਈ ਹੈ ਕੈਟਾਗਰੀ।
ਸਟੇਟ ਇਲੈਕਸ਼ਨ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦਫਤਰ 'ਚ ਬਣੇਗਾ ਕੰਟਰੋਲ ਰੂਮ
ਇਨ੍ਹਾਂ ਕੈਮਰਿਆਂ ਰਾਹੀਂ ਪੋਲਿੰਗ ਸਟੇਸ਼ਨਾਂ ਤੋਂ ਲਾਈਵ ਦੇਖਣ ਲਈ ਰਿਟਰਨਿੰਗ ਅਧਿਕਾਰੀਆਂ ਨੂੰ ਮੋਬਾਇਲ ਫੋਨ 'ਚ ਲਿੰਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਟੇਟ ਇਲੈਕਸ਼ਨ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦਫਤਰ 'ਚ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ।
ਜ਼ਿਆਦਾ ਸੈਂਸਟਿਵ ਬੂਥਾਂ 'ਤੇ ਲਾਏ ਜਾ ਰਹੇ ਹਨ ਮਾਈਕ੍ਰੋ ਆਬਜ਼ਰਵਰ
ਚੋਣ ਕਮਿਸ਼ਨ ਵਲੋਂ ਸੈਂਸਟਿਵ ਬੂਥਾਂ ਨੂੰ ਲੈ ਕੇ ਤਿੰਨ ਤਰ੍ਹਾਂ ਦੀ ਕੈਟਾਗਰੀ ਬਣਾਈ ਗਈ ਹੈ। ਇਨ੍ਹਾਂ 'ਚੋਂ ਜਿਹੜੇ ਬੂਥ ਜ਼ਿਆਦਾ ਸੰਵੇਦਨਸ਼ੀਲ ਹੋਣਗੇ, ਉਨ੍ਹਾਂ 'ਤੇ ਮਾਈਕ੍ਰੋ ਆਬਜ਼ਰਵਰ ਲਾਏ ਜਾ ਰਹੇ ਹਨ, ਜਿਸ ਲਈ ਬੈਂਕ ਦੇ ਸੀਨੀਅਰ ਅਫਸਰ ਦੀ ਡਿਊਟੀ ਲਾਈ ਗਈ ਹੈ।
ਕ੍ਰਿਟੀਕਲ ਬੂਥਾਂ ਦੀ ਵੀਡੀਓ ਰਿਕਾਰਡਿੰਗ
ਚੋਣ ਕਮਿਸ਼ਨ ਵਲੋਂ ਜਿਨ੍ਹਾਂ ਬੂਥਾਂ ਨੂੰ ਕ੍ਰਿਟੀਕਲ ਬੂਥਾਂ ਵਜੋਂ ਮਾਰਕ ਕੀਤਾ ਗਿਆ ਹੈ, ਉਨ੍ਹਾਂ ਵਿਚ ਵੱਖਰੇ ਤੌਰ 'ਤੇ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ, ਜਿਹੜੀ ਟੀਮ ਪੋਲਿੰਗ ਸਟੇਸ਼ਨਾਂ ਦੇ ਐਂਟਰੀ ਪੁਆਇੰਟ, ਅੰਦਰੂਨੀ ਹਿੱਸੇ 'ਚ ਕੰਮ ਕਰੇਗੀ।
ਆਈ. ਟੀ. ਸਟੂਡੈਂਟਸ ਦੀ ਲਈ ਜਾ ਰਹੀ ਹੈ ਮਦਦ
ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨਾਂ 'ਤੇ ਵੈੱਬ ਕਾਸਟਿੰਗ ਕਰਨ ਦੀ ਜ਼ਿੰਮੇਵਾਰੀ ਵੈਸੇ ਤਾਂ ਇਕ ਕੰਪਨੀ ਨੂੰ ਦਿੱਤੀ ਗਈ ਹੈ ਪਰ ਇੰਨੀ ਵੱਡੀ ਗਿਣਤੀ 'ਚ ਪੋਲਿੰਗ ਸਟੇਸ਼ਨਾਂ ਤੋਂ ਇਕੱਠੇ ਲਾਈਵ ਕਰਨ ਲਈ ਵੱਖ-ਵੱਖ ਕਾਲਜਾਂ ਰਾਹੀਂ ਆਈ. ਟੀ. ਵਿਦਿਆਰਥੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਪੋਲਿੰਗ ਬੂਥ 'ਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੈੱਬ ਕਾਸਟਿੰਗ ਕਰਨ ਦਾ ਫੈਸਲਾ ਵੈਸੇ ਤਾਂ ਕਾਫੀ ਖਰਚੀਲਾ ਹੈ ਪਰ ਉਸ ਦੇ ਲਈ ਬਜਟ ਵਿਚ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਵੀਡੀਓ ਰਿਕਾਰਡਿੰਗ ਨੂੰ ਫਰਜ਼ੀ ਵੋਟਿੰਗ, ਵਿਵਾਦ ਜਾਂ ਦੁਰ-ਵਿਵਹਾਰ ਦੇ ਕੇਸ ਵਿਚ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ।


Babita

Content Editor

Related News