12 ਸਾਲਾ ਪੁਰਾਣਾ ਰਿਕਾਰਡ ਟੁੱਟਿਆ, ਚੰਡੀਗੜ੍ਹ ’ਚ ਪਾਰਾ 44 ਡਿਗਰੀ ਪਾਰ, ਮੌਸਮ ਵਿਭਾਗ ਨੇ ਕਰ ''ਤਾ ਸੁਚੇਤ
Saturday, May 18, 2024 - 06:54 PM (IST)
ਚੰਡੀਗੜ੍ਹ (ਪਾਲ)- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧਦੇ ਤਾਪਮਾਨ ਦੇ ਨਾਲ ਹੀ ਸ਼ੁੱਕਰਵਾਰ ਨੂੰ ਗਰਮੀ ਨੇ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸ਼ੁੱਕਰਵਾਰ ਨੂੰ ਪਾਰਾ 44 ਡਿਗਰੀ ਨੂੰ ਪਾਰ ਕਰਦਿਆਂ 44.5 ਡਿਗਰੀ ਤੱਕ ਪਹੁੰਚ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6 ਡਿਗਰੀ ਜਾਣ ਤੋਂ ਬਾਅਦ ਦੁਪਹਿਰ 11 ਵਜੇ ਤੋਂ ਮਗਰੋਂ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਦੀ ਤਰ੍ਹਾਂ ਹੀ ਚੰਡੀਗੜ੍ਹ ’ਚ ਅੱਤ ਦੀ ਗਰਮੀ ਨਾਲ ਲੂ ਚੱਲਦੀ ਰਹੀ। 2013 ਤੋਂ ਬਾਅਦ ਮਈ ਮਹੀਨੇ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਹੋਇਆ। 2011 ’ਚ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦਾ ਦਫ਼ਤਰ ਬਣਨ ਤੋਂ ਬਾਅਦ ਪਹਿਲੀ ਵਾਰ ਪਾਰਾ 44 ਡਿਗਰੀ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਹਵਾਈ ਅੱਡੇ ’ਤੇ 2013 ’ਚ ਸਭ ਤੋਂ ਜ਼ਿਆਦਾ ਪਾਰਾ 44.6 ਡਿਗਰੀ ਦਰਜ ਹੋਇਆ ਸੀ।
ਤਾਪਮਾਨ ’ਚ ਮੌਜੂਦਾ ਵਾਧਾ ਸੱਚਮੁੱਚ ਹੈਰਾਨੀਜਨਕ : ਡਾਇਰੈਕਟਰ
ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਸੀ ਕਿ ਤਾਪਮਾਨ 43 ਡਿਗਰੀ ਤੱਕ ਜਾਵੇਗਾ ਪਰ ਤਾਪਮਾਨ ’ਚ ਮੌਜੂਦਾ ਵਾਧਾ ਸੱਚਮੁੱਚ ਹੈਰਾਨੀਜਨਕ ਹੈ। ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਅਗਲੇ 7 ਦਿਨਾਂ ’ਚ ਕਿਸੇ ਕਿਸਮ ਦਾ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ । ਪੱਛਮੀ ਗੜਬੜੀ ਸਰਗਰਮ ਨਹੀਂ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ 21 ਮਈ ਤੱਕ ਓਰੇਂਜ ਅਲਰਟ ਦਿੱਤਾ ਹੈ। ਹਰਿਆਣਾ ਦੇ ਸਿਰਸਾ ’ਚ ਤਾਪਮਾਨ 47.1 ਡਿਗਰੀ ਤੇ ਪੰਜਾਬ ਦੇ ਸਮਰਾਲਾ ’ਚ 46.3 ਡਿਗਰੀ ਦਰਜ ਕੀਤਾ ਗਿਆ। ਹੀਟ ਵੇਵ (ਲੂ) ਵੀ ਕੁਝ ਦਿਨਾਂ ਤੱਕ ਲਗਾਤਾਰ ਜਾਰੀ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਅਲਰਟ ਜਾਰੀ, ਤਾਪਮਾਨ 'ਚ ਹੋਵੇਗਾ ਹੋਰ ਵਾਧਾ, ਜਾਣੋ ਅਗਲੇ ਦਿਨਾਂ ਦੀ ਤਾਜ਼ਾ ਅਪਡੇਟ
ਚੰਡੀਗੜ੍ਹ ਪ੍ਰਸ਼ਾਸਨ ਨੂੰ ਕੀਤਾ ਅਲਰਟ
ਡਾਇਰੈਕਟਰ ਏ. ਕੇ. ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਈ ਦਿਨਾਂ ਤੋਂ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਕਿ ਲੂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ ਤੇ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਗਰਮੀ ਤੇ ਲੂ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਸੁਚੇਤ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਇਹੀ ਹਾਲਾਤ ਬਣੇ ਰਹਿਣਗੇ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਪਹਾੜ ਨੇੜੇ ਹੋਣ ਕਾਰਨ ਮਿਲੇਗੀ ਰਾਹਤ
ਅਗਲੇ ਕੁਝ ਦਿਨਾਂ ''ਚ ਦੁਪਹਿਰ ਸਮੇਂ ਗਰਮੀ ਹੋਰ ਵਧਣ ਵਾਲੀ ਹੈ। ਤੇਜ਼ ਲੂ ਚੱਲਣ ਦੀ ਸੰਭਾਵਨਾ ਹੈ ਪਰ ਰਾਤ ਦਾ ਤਾਪਮਾਨ ਜ਼ਿਆਦਾ ਨਹੀਂ ਵਧੇਗਾ। ਅਜਿਹਾ ਇਸ ਲਈ ਹੈ ਕਿਉਂਕਿ ਪਹਾੜਾਂ ’ਚ ਤਾਪਮਾਨ ਹਾਲੇ ਵੀ ਜ਼ਿਆਦਾ ਨਹੀਂ ਹੈ। ਸ਼ਾਮ ਤੋਂ ਬਾਅਦ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਚੰਡੀਗੜ੍ਹ ’ਚ ਵੀ ਰਾਤ ਦਾ ਤਾਪਮਾਨ ਵਧਣ ਨਹੀਂ ਦੇਣਗੀਆਂ। ਚੰਡੀਗੜ੍ਹ ਦਾ ਤਾਪਮਾਨ ਵਧਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਚੰਡੀਗੜ੍ਹ ਪਹਾੜਾ ਨੇੜੇ ਹੋਣ ਕਾਰਨ ਰਾਹਤ ਮਿਲੇਗੀ।
23 ਮਈ ਤੱਕ ਅਜਿਹਾ ਹੀ ਬਣਿਆ ਰਹੇਗਾ ਮੌਸਮ
ਅਗਲੇ ਕੁਝ ਦਿਨਾਂ ਤੱਕ ਗਰਮੀ ਤੇ ਲੂ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। 23 ਮਈ ਤੱਕ ਦਿਨ ਦਾ ਤਾਪਮਾਨ 43 ਡਿਗਰੀ ਤੋਂ ਹੇਠਾਂ ਡਿੱਗਣ ਦੀ ਸੰਭਾਵਨਾ ਨਹੀਂ ਹੈ। ਹਵਾਵਾਂ ਪੂਰੀ ਤਰ੍ਹਾਂ ਖ਼ੁਸ਼ਕ ਹਨ ਤੇ ਪੱਛਮੀ ਹਵਾਵਾਂ ’ਚ ਨਮੀ ਬਹੁਤ ਘੱਟ ਹੈ, ਇਸ ਲਈ ਤਾਪਮਾਨ ’ਚ ਵਾਧੇ ਨਾਲ ਲੂ ਚੱਲਦੀ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ
ਲੂ ਲੱਗਣ ਦੇ ਲੱਛਣ
ਲੂ ਲੱਗਣ ਦੇ ਕਈ ਲੱਛਣ ਹਨ ਪਰ ਲੱਛਣਾਂ ਨੂੰ ਪਛਾਣੋ। ਲੂ ਲੱਗਣ ’ਤੇ ਚਮੜੀ ਲਾਲ ਜਾਂ ਖੁਸ਼ਕ ਹੋ ਜਾਂਦੀ ਹੈ, ਨਾਲ ਹੀ ਗੰਭੀਰ ਸਿਰ ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਨਾਲ ਹੀ ਮਾਸਪੇਸ਼ੀਆਂ ’ਚ ਕਮਜ਼ੋਰੀ ਅਤੇ ਉਲਟੀਆਂ ਲੂ ਲੱਗਣ ਦੇ ਆਮ ਲੱਛਣ ਹਨ।
ਇਸ ਤਰ੍ਹਾਂ ਕਰੋ ਬਚਾਅ
- ਬਹੁਤ ਸਾਰਾ ਪਾਣੀ ਪੀਓ ਅਤੇ ਅਲਕੋਹਲ ਅਤੇ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਬਚੋ।
-ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਧੁੱਪ ''ਚ ਬਾਹਰ ਜਾਣ ਤੋਂ ਪਰਹੇਜ਼ ਕਰੋ।
- ਬਾਹਰ ਜਾਣਾ ਪਵੇ ਤਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਅਤ ਸਿਰ ਨੂੰ ਟੋਪੀ, ਕੱਪੜੇ ਜਾਂ ਛੱਤਰੀ ਨਾਲ ਢਕੋ।
-ਬਜ਼ੁਰਗਾਂ, ਬੱਚਿਆਂ ਤੇ ਮੌਜੂਦਾ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਆਪਣੇ ਆਪ ਨੂੰ ਗਰਮੀ ਤੋਂ ਬਚਾਉਣਾ ਚਾਹੀਦਾ ਹੈ।
- ਗਰਮੀ ਵਾਲੇ ਘੰਟਿਆਂ ਦੌਰਾਨ ਬਾਹਰੀ ਗਤੀਵਿਧੀਆਂ ਅਤੇ ਕਸਰਤ ਨਾ ਕਰੋ।
ਇਹ ਵੀ ਪੜ੍ਹੋ- ਸੂਬੇ 'ਚ ਵਧਾਈ ਗਈ ਸੁਰੱਖਿਆ, ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼
ਪਿਛਲੇ 23 ਸਾਲਾਂ ਵਿਚ ਮਈ ਦਾ ਸਭ ਤੋਂ ਵੱਧ ਤਾਪਮਾਨ
ਸਾਲ | ਤਾਪਮਾਨ ਡਿਗਰੀ |
2002 | 44.0 |
2004 | 44.4 |
2010 | 44.0 |
2012 | 44.8 |
2013 | 44.6 |
ਮਈ ਦੇ ਮੌਸਮ ਨਾਲ ਜੁੜੇ ਤੱਥ
-ਚੰਡੀਗੜ੍ਹ ਵਿਚ ਮਈ ਦਾ ਸਭ ਤੋਂ ਗਰਮ ਦਿਨ 28 ਮਈ 1988 ਨੂੰ 46.5 ਡਿਗਰੀ ਦਰਜ ਹੋਇਆ ਸੀ।
- ਮਈ ਵਿਚ ਸਭ ਤੋਂ ਵੱਧ ਤਾਪਮਾਨ 11.5 ਡਿਗਰੀ 11 ਮਈ 1987 ਨੂੰ ਸੀ।
-ਮਈ ਮਹੀਨੇ ਵਿਚ ਇੱਕ ਦਿਨ ਵਿਚ ਸਭ ਤੋਂ ਵੱਧ ਮੀਂਹ 13 ਮਈ 1971 ਨੂੰ 58 ਮਿਲੀਮੀਟਰ ਸੀ।
-ਮਈ ਦੇ ਪੂਰੇ ਮਹੀਨੇ ਵਿਚ ਸਭ ਤੋਂ ਵੱਧ ਮੀਂਹ ਮਈ 1971 ਵਿਚ 130.7 ਮਿਲੀਮੀਟਰ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8