ਜਲੰਧਰ ਵਿਖੇ ਨਿਊ ਡਿਫੈਂਸ ਕਾਲੋਨੀ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਬੰਧਕ ਬਣਾ ਲੁੱਟੇ 12 ਲੱਖ ਦੇ ਗਹਿਣੇ
Saturday, May 21, 2022 - 02:21 PM (IST)
ਜਲੰਧਰ (ਮਹੇਸ਼)- ਪਰਾਗਪੁਰ ਪੁਲਸ ਚੌਂਕੀ ਦੇ ਅਧੀਨ ਪੈਂਦੀ ਨਿਊ ਡਿਫੈਂਸ ਕਾਲੋਨੀ ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਨਕਾਬਪੋਸ਼ ਲੁਟੇਰਿਆਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ ਦਾਤਰ ਅਤੇ ਪਿਸਤੌਲ ਦੀ ਨੋਕ 'ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਪਿਸਤੌਲ ਦੀ ਨੋਕ ਉਤੇ ਨੌਜਵਾਨ ਨੂੰ ਲੁਟੇਰਿਆਂ ਨੇ ਪਹਿਲਾਂ ਧਮਕਾਇਆ ਅਤੇ ਫਿਰ ਉਸ ਨੂੰ ਬੰਧਕ ਬਣਾ ਕੇ ਅਲਮਾਰੀ ਵਿਚ ਪਏ ਕਰੀਬ 12 ਲੱਖ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦਿਨ-ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਪਰਾਗਪੁਰ ਪੁਲਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ਉਤੇ ਪਹੁੰਚੇ।
ਇਹ ਵੀ ਪੜ੍ਹੋ: 'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਦਾਅਵਾ, ਬਿਜਲੀ ਸਬੰਧੀ ਸਮਝੌਤੇ ਹਰ ਹਾਲ ’ਚ ਹੋਣਗੇ ਰੱਦ
ਜਾਗ੍ਰਿਤ ਸਿੰਘ ਪੁੱਤਰ ਰਾਜਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਪੁਲਸ ਨੂੰ ਦਿੱਤੇ ਗਏ ਬਿਆਨ ਵਿਚ ਦੱਸਿਆ ਕਿ ਉਹ ਵਾਰਦਾਤ ਦੇ ਸਮੇਂ ਘਰ ਵਿਚ ਇਕੱਲੇ ਹੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਨਵਦੀਪ ਕੌਰ ਸਵੇਰੇ ਸਕੂਲ ਚਲੀ ਗਏ ਸਨ ਅਤੇ ਉਨ੍ਹਾਂ ਦੀ ਨਾਨੀ ਰਾਜਿੰਦਰ ਕੌਰ ਗੁਰਦੁਆਰਾ ਸਾਹਿਬ ਗਏ ਹੋਏ ਸਨ। ਮਾਸਕ ਅਤੇ ਹੈਲਮੇਟ ਪਹਿਨੇ ਹੋਏ ਦੋ ਨੌਜਵਾਨ ਘਰ ਵਿਚ ਦਾਖ਼ਲ ਹੋਏ, ਜਿਨ੍ਹਾਂ ਦੇ ਕੋਲ ਦਾਤਰ ਅਤੇ ਪਿਸਤੌਲ ਵੀ ਸੀ। ਲੁਟੇਰਿਆਂ ਨੇ ਆਉਂਦੇ ਸਾਰ ਧਮਕਾਉਂਦੇ ਹੋਏ ਘਰ ਵਿਚ ਪਏ ਕੈਸ਼ ਅਤੇ ਗਹਿਣਿਆਂ ਬਾਰੇ ਪੁੱਛਿਆ ਅਤੇ ਨਾ ਦੱਸਣ 'ਤੇ ਲੁਟੇਰਿਆਂ ਨੇ ਬੰਧਕ ਬਣਾ ਲਿਆ ਅਤੇ ਅਲਮਾਰੀ ਖੋਲ੍ਹ ਕੇ ਅੰਦਰ ਪਏ ਸੋਨੇ ਦੇ ਸਾਰੇ ਗਹਿਣੇ ਕੱਢ ਲਏ ਅਤੇ ਉਥੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਗਹਿਣਿਆਂ ਦੀ ਕੀਮਤ ਕਰੀਬ 12 ਲੱਖ ਸੀ।
ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
ਲੁੱਟ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਫੁਟੇਜ ਵੇਖਣ 'ਤੇ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਐਕਟਿਵਾ 'ਤੇ ਆਏ ਸਨ ਅਤੇ ਉਨ੍ਹਾਂ ਨੇ ਹੈਲਮੇਟ ਅਤੇ ਮਾਸਕ ਪਾਏ ਹੋਏ ਸਨ। ਪਰਾਗਪੁਰ ਪੁਲਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਵਾਰਦਾਤ ਨੂੰ ਟਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਦਰਿੰਦਗੀ ਦੀ ਘਟਨਾ, ਦਿਵਿਆਂਗ ਵਿਅਕਤੀ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਤੋੜ ਦਿੱਤੀ ਬਾਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ