ਇੰਪਰੂਵਮੈਂਟ ਟਰੱਸਟ ''ਤੇ 113 ਕਰੋੜ ਰੁਪਏ ਦਾ ਲੋਨ ਬਕਾਇਆ, ਵਿਆਜ ਦੇਣ ਨੂੰ ਵੀ ਪੈਸੇ ਨਹੀਂ

12/11/2017 7:28:42 AM

ਜਲੰਧਰ, (ਪੁਨੀਤ)— ਭਾਰੀ ਕਰਜ਼ੇ 'ਚ ਡੁੱਬੇ ਇੰਪਰੂਵਮੈਂਟ ਟਰੱਸਟ ਕੋਲ ਬੈਂਕ ਦਾ ਵਿਆਜ ਦੇਣ ਲਈ ਵੀ ਰਕਮ ਨਹੀਂ ਹੈ ਜਿਸ ਕਾਰਨ ਵਿਆਜ 'ਤੇ ਵਿਆਜ ਲੱਗ ਰਿਹਾ ਹੈ ਅਤੇ ਟਰੱਸਟ ਕਰਜ਼ੇ 'ਚ ਡੁੱਬਦਾ ਜਾ ਰਿਹਾ ਹੈ। ਟਰੱਸਟ ਕੋਲ ਕਮਾਈ ਦਾ ਵੀ ਕੋਈ ਚੰਗਾ ਸਾਧਨ ਨਹੀਂ ਹੈ ਜਿਸ ਕਾਰਨ ਟਰੱਸਟ ਆਰਥਿਕ ਸੰਕਟ ਨਾਲ ਫਸ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਟਰੱਸਟ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਟਰੱਸਟ ਦੀ 94.97 ਏਕੜ ਸਕੀਮ ਸਫਲ ਨਹੀਂ ਹੋ ਸਕੀ ਹੈ। 
ਸੂਰਿਆ ਐਨਕਲੇਵ ਐਕਸਟੈਂਸ਼ਨ 94.97 ਏਕੜ ਸਕੀਮ 2010-11 'ਚ ਆਈ ਸੀ ਜਿਸ ਲਈ ਟਰੱਸਟ ਨੇ ਪੰਜਾਬ ਨੈਸ਼ਨਲ ਬੈਂਕ ਤੋਂ 175 ਕਰੋੜ ਦਾ ਭਾਰੀ ਲੋਨ ਲਿਆ ਸੀ ਜੋ ਕਿ ਅਜੇ ਤਕ ਵਾਪਸ ਨਹੀਂ ਹੋਇਆ ਹੈ। ਮੌਜੂਦਾ ਸਮੇਂ 'ਚ ਇੰਨਾ ਵਿਆਜ ਅਦਾ ਕਰਨ ਤੋਂ ਬਾਅਦ ਵੀ ਟਰੱਸਟ ਦਾ 113 ਕਰੋੜ ਦੇ ਨੇੜੇ ਲੋਨ ਬਕਾਇਆ ਹੈ। ਇਨ੍ਹਾਂ 8 ਸਾਲਾਂ 'ਚ ਵੀ ਟਰੱਸਟ ਦਾ ਲੋਨ ਅਦਾ ਨਾ ਕਰ ਸਕਣਾ ਟਰੱਸਟ ਦੀ ਹਾਲਤ ਖੁਦ ਹੀ ਬਿਆਨ ਕਰਦਾ ਹੈ। ਜਦੋਂ ਲੋਨ ਲਿਆ ਗਆ ਸੀ ਤਾਂ 6 ਮਹੀਨੇ ਦੀ ਕਿਸ਼ਤ 35 ਕਰੋੜ ਰੁਪਏ ਬਣੀ ਸੀ ਜਿਸ ਤੋਂ ਬਾਅਦ ਟਰੱਸਟ ਸਿਰਫ 1 ਕਿਸ਼ਤ ਹੀ ਦੇ ਸਕਿਆ ਅਤੇ 2 ਕਿਸ਼ਤਾਂ ਫੇਲ ਹੋ ਗਈਆਂ। ਇਸ ਤੋਂ ਬਾਅਦ ਟਰੱਸਟ ਨੇ ਲੋਨ ਆਡਿਟ ਕਰਵਾਇਆ ਅਤੇ ਪ੍ਰਤੀ ਮਹੀਨੇ ਦੀ 3 ਕਰੋੜ ਦੀ ਕਿਸ਼ਤ ਬਣਵਾਈ। ਕੁੱਝ ਸਮੇਂ ਤੋਂ ਬਾਅਦ ਟਰੱਸਟ 3 ਕਰੋੜ ਪ੍ਰਤੀ ਮਹੀਨਾ ਦੀ ਕਿਸ਼ਤ ਦੇਣ 'ਚ ਵੀ ਅਸਮਰੱਥ ਹੋ ਗਿਆ ਜਿਸ ਤੋਂ ਬਾਅਦ ਲੋਨ ਨੂੰ ਦੁਬਾਰਾ ਆਡਿਟ ਕਰਵਾਇਆ ਗਿਆ। ਪਿਛਲੇ ਕੁਝ ਸਾਲਾਂ ਤੋਂ ਓਪਨ ਲੋਨ ਚੱਲ ਰਿਹਾ ਹੈ। ਹਰੇਕ ਮਹੀਨੇ ਦੀ ਕੋਈ ਪੱਕੀ ਕਿਸ਼ਤ ਨਹੀਂ ਹੈ, ਟਰੱਸਟ ਕੋਲ ਜਿੰਨੀ ਰਕਮ ਆਉਂਦੀ ਹੈ, ਟਰੱਸਟ ਉਸ ਨੂੰ ਬੈਂਕ 'ਚ ਜਮ੍ਹਾ ਕਰਵਾ ਦਿੰਦਾ ਹੈ।


Related News