ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਲਾਰਾ ਲਾ ਕੇ ਠੱਗੇ 11 ਲੱਖ, ਗਲੋਬਲ ਸਰਵਿਸਿਜ਼ ਦੇ ਏਜੰਟ ’ਤੇ ਕੇਸ ਦਰਜ

Tuesday, Dec 10, 2024 - 08:40 AM (IST)

ਜਲੰਧਰ (ਵਰੁਣ) : ਲੜਕੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਗਲੋਬਲ ਸਰਵਿਸਿਜ਼ ਦੇ ਟਰੈਵਲ ਏਜੰਟ ਮਾਲਕ ਗੁਰਚਰਨ ਸਿੰਘ ਨੇ 11 ਲੱਖ ਰੁਪਏ ਠੱਗ ਲਏ। ਏਜੰਟ ਨੇ ਨਾ ਤਾਂ ਲੜਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਮੋੜੇ, ਜਦੋਂਕਿ 11 ਲੱਖ ਰੁਪਏ ਦੇ ਦਿੱਤੇ ਚੈੱਕ ਵੀ ਬਾਊਂਸ ਕਰਵਾ ਦਿੱਤੇ ਸਨ। ਇਸ ਸਬੰਧੀ ਪੀੜਤ ਨੇ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਏਜੰਟ ਗੁਰਚਰਨ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰੇ ਰਾਮ ਸ਼ਰਮਾ ਨਿਵਾਸੀ ਅਮਰੀਕ ਨਗਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਇੱਛੁਕ ਸੀ। ਜੁਲਾਈ 2023 ਵਿਚ ਉਸਦੀ ਮੁਲਾਕਾਤ ਕ੍ਰਿਸਟਲ ਪਲਾਜ਼ਾ ਸਥਿਤ ਗਲੋਬਲ ਸਰਵਿਸਿਜ਼ ਦੇ ਮਾਲਕ ਗੁਰਚਰਨ ਸਿੰਘ ਨਾਲ ਹੋਈ। ਸਾਰੀ ਗੱਲ ਕਰਨ ਤੋਂ ਬਾਅਦ ਏਜੰਟ ਨੇ ਉਸ ਕੋਲੋਂ 11 ਲੱਖ ਰੁਪਏ ਦੀ ਮੰਗ ਕੀਤੀ ਤਾਂ ਕਿ ਉਹ ਕੈਨੇਡਾ ਦੇ ਕਾਲਜ ਵਿਚ ਫੀਸ ਭਰ ਕੇ ਆਫਰ ਲੈਟਰ ਮੰਗਵਾ ਸਕੇ।

ਇਹ ਵੀ ਪੜ੍ਹੋ : ਲਗਜ਼ਰੀ ਕਾਰ 'ਤੇ ਸਵਾਰ ਹੋ ਕੇ ਲੁੱਟ-ਖੋਹ ਕਰਨ ਵਾਲੀ ਔਰਤ ਸਣੇ 2 ਕਾਬੂ

ਪੈਸੇ ਦੇਣ ਤੋਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਆਫਰ ਲੈਟਰ ਦਿੱਤਾ ਪਰ ਜਦੋਂ ਉਨ੍ਹਾਂ ਉਕਤ ਕਾਲਜ ਤੋਂ ਪਤਾ ਕਰਵਾਇਆ ਤਾਂ ਏਜੰਟ ਨੇ ਜੋ ਫੀਸ ਦੇ 11 ਲੱਖ ਰੁਪਏ ਲਏ ਸਨ, ਉਹ ਫੀਸ ਦਿੱਤੀ ਹੀ ਨਹੀਂ ਸੀ। ਉਨ੍ਹਾਂ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਦਾਅਵਾ ਕੀਤਾ ਕਾਲਜ ਵਿਚ ਸੀਟਾਂ ਪੂਰੀਆਂ ਹੋਣ ਕਾਰਨ ਫੀਸ ਵਾਪਸ ਆ ਗਈ ਸੀ ਪਰ ਉਹ ਹੁਣ ਕਿਸੇ ਹੋਰ ਕਾਲਜ ਵਿਚ ਐਡਮਿਸ਼ਨ ਲਈ ਅਪਲਾਈ ਕਰ ਰਿਹਾ ਹੈ।

ਦੋਸ਼ ਹੈ ਕਿ ਏਜੰਟ ਗੁਰਚਰਨ ਸਿੰਘ ਨੇ ਨਾ ਤਾਂ ਉਨ੍ਹਾਂ ਦੇ ਪੈਸੇ ਮੋੜੇ ਅਤੇ ਨਾ ਹੀ ਫੀਸ ਜਮ੍ਹਾ ਕਰਵਾਈ। ਪੁਲਸ ਵਿਚ ਸ਼ਿਕਾਇਤ ਦੇਣ ਦੀ ਗੱਲ ਕਰਨ ’ਤੇ ਏਜੰਟ ਨੇ ਹਰੇ ਰਾਮ ਸ਼ਰਮਾ ਨੂੰ 7 ਲੱਖ ਅਤੇ 4 ਲੱਖ ਦੇ 2 ਚੈੱਕ ਦੇ ਦਿੱਤੇ ਪਰ ਉਹ ਵੀ ਬਾਊਂਸ ਕਰਵਾ ਦਿੱਤੇ। ਇਸ ਸਬੰਧੀ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਕਰ ਕੇ ਪੁਲਸ ਨੇ ਗੁਰਚਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News