10ਵੀਂ ਦੀ ਵਿਦਿਆਰਥਣ ਨੇ ਪੈਟਰੋਲ ਛਿੜਕ ਕੇ ਕੀਤੀ ਆਤਮ ਹੱਤਿਆ

12/06/2019 12:35:41 AM

ਚੰਡੀਗੜ੍ਹ/ਪੰਚਕੂਲਾ,ਮੁਕੇਸ਼ ਖੇੜਾ)- ਪੰਚਕੂਲਾ ਦੇ ਸੈਕਟਰ 7-8/17-18 ਸਥਿਤ ਚੌਕ ਕੋਲ ਸੈਕਟਰ-7 ਵੱਲ ਰੋਡ ਕੱਟ ਦੇ ਨਾਲ-ਨਾਲ ਬਣੇ ਛੋਟੇ ਜਿਹੇ ਪਾਰਕ ਵਿਚ ਵੀਰਵਾਰ ਦੇਰ ਸ਼ਾਮ ਇਕ ਲੜਕੀ ਨੇ ਖੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਅੱਗ ਦੀਆਂ ਲਪਟਾਂ ਵਿਚ ਘਿਰੀ ਲੜਕੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੀਆਂ ਕੋਠੀਆਂ ਵਿਚ ਰਹਿਣ ਵਾਲੇ ਲੋਕ ਬਾਹਰ ਨਿਕਲੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਨਾਲ ਹੀ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਐਂਬੂਲੈਂਸ ਵਿਚ ਲੜਕੀ ਨੂੰ ਤੁਰੰਤ ਸੈਕਟਰ-6 ਸਥਿਤ ਹਸਪਤਾਲ ਪਹੁੰਚਾਇਆ, ਜਿਥੇ ਕਰੀਬ 95 ਫੀਸਦੀ ਝੁਲਸ ਚੁੱਕੀ ਲੜਕੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਪੀ. ਜੀ. ਆਈ. ਰੈਫਰ ਕੀਤਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੜਕੀ ਦੀ ਪਛਾਣ ਜ਼ੀਰਕਪੁਰ ਸਥਿਤ ਫਕੌਲੀ ਦੇ ਕ੍ਰਿਸ਼ਨਾ ਐਨਕਲੇਵ ਦੀ ਰਹਿਣ ਵਾਲੀ ਕਨਿਕਾ ਸ਼ਰਮਾ (16) ਦੇ ਰੂਪ ਵਿਚ ਹੋਈ। ਪੰਚਕੂਲਾ ਦੇ ਸੈਕਟਰ-11 ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਉਹ 10ਵੀਂ ਕਲਾਸ ਦੀ ਵਿਦਿਆਰਥਣ ਸੀ। ਪੁਲਸ ਦੀ ਮੁੱਢਲੀ ਜਾਂਚ ਵਿਚ ਫਿਲਹਾਲ ਇਹ ਮਾਮਲਾ ਆਤਮ ਹੱਤਿਆ ਦਾ ਹੀ ਲੱਗ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨ ਆਫ ਕ੍ਰਾਈਮ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਜਿਸ ਨੇ ਮੌਕੇ ’ਤੇ ਲੜਕੀ ਦੇ ਸੜੇ ਹੋਏ ਕੱਪੜੇ, ਸੜੇ ਹੋਏ 100 ਰੁਪਏ ਦੇ ਨੋਟ, ਬੈਂਚ ਅਤੇ ਪੈਟਰੋਲ ਦੀ ਬੋਤਲ ’ਤੇ ਲੱਗੇ ਫਿੰਗਰ ਪ੍ਰਿੰਟਸ ਅਤੇ ਮੌਕੇ ਤੋਂ ਹੋਰ ਕਈ ਚੀਜ਼ਾਂ ਨੂੰ ਇਕੱਠਾ ਕੀਤਾ।

ਪਾਣੀ ਦੀ ਬੋਤਲ ’ਚ ਪਾ ਕੇ ਲਿਆਈ ਸੀ ਪੈਟਰੋਲ

ਵੀਰਵਾਰ ਸ਼ਾਮ ਕਰੀਬ ਸਵਾ ਸੱਤ ਵਜੇ ਪਾਰਕ ਤੋਂ ਅਚਾਨਕ ਅੱਗ ਦੀਆਂ ਲਪਟਾਂ ਦੇਖ ਕੇ ਕੋਲੋਂ ਮੋਟਰਸਾਈਕਲ ’ਤੇ ਲੰਘ ਰਹੇ ਇਕ ਵਿਅਕਤੀ ਨੇ ਭੱਜ ਕੇ ਲੜਕੀ ਨੂੰ ਬਚਾਉਣ ਦਾ ਯਤਨ ਕੀਤਾ। ਉਸ ਵਿਅਕਤੀ ਨੇ ਆਸ-ਪਾਸ ਦੀਆਂ ਕੋਠੀਆਂ ਵਾਲਿਆਂ ਤੋਂ ਅੱਗ ਬੁਝਾਉਣ ਲਈ ਪਾਣੀ ਵੀ ਮੰਗਿਆ। ਪਾਰਕ ਵਿਚ ਹੀ ਲੱਗੀ ਪਾਣੀ ਦੀ ਪਾਈਪ ਨਾਲ ਅੱਗ ਨੂੰ ਬੁਝਾ ਦਿੱਤਾ ਗਿਆ ਪਰ ਤਦ ਤਕ ਲੜਕੀ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਲੜਕੀ ਨੂੰ ਬਚਾਉਣ ਦਾ ਯਤਨ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਲੜਕੀ ਸਿਰਫ ਇੰਨਾ ਹੀ ਕਹਿ ਰਹੀ ਸੀ ਕਿ ‘ਆਈ ਡੌਂਟ ਵਾਂਟ ਟੂ ਲਿਵ, ਮੈਨੂੰ ਨਾ ਬਚਾਓ’। ਬੈਂਚ ’ਤੇ ਪਿਆ ਲੜਕੀ ਦਾ ਪਰਸ ਅਤੇ ਇਕ ਗੁਲਾਬੀ ਰੰਗ ਦੀ ਪਲਾਸਟਿਕ ਦੀ ਬੋਤਲ ਮਿਲੀ ਹੈ। ਪੁਲਸ ਨੇ ਜਦ ਪਲਾਸਟਿਕ ਦੀ ਬੋਤਲ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਪੈਟਰੋਲ ਮਿਲਿਆ। ਪਾਸ ਹੀ ਮਾਚਿਸ ਵੀ ਰੱਖੀ ਹੋਈ ਸੀ।

ਮੋਬਾਇਲ ਦਾ ਪਾਸਵਰਡ ਨਹੀਂ ਦੱਸਿਆ, ਪਰਸ ’ਚ ਮਿਲਿਆ ਚਾਕੂ

ਲੜਕੀ ਕੋਲ ਜੋ ਮੋਬਾਇਲ ਫੋਨ ਸੀ, ਲੋਕ ਉਸ ਦਾ ਪਾਸਵਰਡ ਲੜਕੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਤਾਂ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਜਾ ਸਕੇ ਪਰ ਲੜਕੀ ਨੇ ਕਿਸੇ ਨੂੰ ਮੋਬਾਇਲ ਫੋਨ ਦਾ ਪਾਸਵਰਡ ਨਹੀਂ ਦੱਸਿਆ। ਪੁਲਸ ਨੇ ਲੜਕੀ ਦੇ ਪਰਸ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਇਕ ਚਾਕੂ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਾਲੀ ਦੀਆਂ ਦੋ ਟਿਕਟਾਂ, ਇਕ ਕੁਰਕੁਰੇ ਦਾ ਪੈਕੇਟ, ਇਕ ਫੋਟੋ ਪਛਾਣ ਪੱਤਰ ਤੇ ਕੁਝ ਕਾਗਜ਼ਾਤ ਵੀ ਮਿਲੇ ਜਿਸ ਦੇ ਆਧਾਰ ’ਤੇ ਪੁਲਸ ਨੇ ਲੜਕੀ ਦੀ ਪਛਾਣ ਪਤਾ ਕੀਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਿਆ।

ਇਕ ਦਿਨ ਪਹਿਲਾਂ ਸਕੂਲ ਤੋਂ ਨਹੀਂ ਪਰਤੀ ਸੀ, ਫਕੌਲੀ ਥਾਣੇ ’ਚ ਗੁੰਮਸ਼ੁਦਗੀ ਦੀ ਡੀ. ਡੀ. ਆਰ. ਦਰਜ ਸੀ

ਲੜਕੀ ਬੁੱਧਵਾਰ ਨੂੰ ਸਕੂਲ ਤੋਂ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣ ਦਾ ਕਾਫੀ ਯਤਨ ਕੀਤਾ। ਰਾਤ ਤਕ ਨਹੀਂ ਮਿਲੀ ਤਾਂ ਪਰਿਵਾਰ ਵਾਲਿਆਂ ਨੇ ਫਕੌਲੀ ਥਾਣੇ ਵਿਚ ਲੜਕੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਸ ਨੇ ਡੀ. ਡੀ. ਆਰ. ਦਰਜ ਕੀਤੀ ਸੀ। ਪੰਚਕੂਲਾ ਪੁਲਸ ਇਸ ਸਬੰਧ ਵਿਚ ਫਕੌਲੀ ਪੁਲਸ ਨਾਲ ਵੀ ਸੰਪਰਕ ਬਣਾ ਰਹੀ ਹੈ। ਡੀ. ਸੀ. ਪੀ. ਪੰਚਕੂਲਾ ਕਮਲਦੀਪ ਗੋਇਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ। ਲੜਕੀ ਨੇ ਅਜਿਹਾ ਕਿਉਂ ਕੀਤਾ ਉਸ ਦੇ ਪਿੱਛੇ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ। ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।


Bharat Thapa

Content Editor

Related News