''ਪ੍ਰਾਈਵੇਟ ਐਂਬੂਲੈਂਸਾਂ'' ਵਾਲੇ ਨਹੀਂ ਕਰ ਸਕਣਗੇ ਮਨਮਾਨੀ, ਚੁੱਕਿਆ ਗਿਆ ਵੱਡਾ ਕਦਮ

Wednesday, Jan 08, 2020 - 10:06 AM (IST)

''ਪ੍ਰਾਈਵੇਟ ਐਂਬੂਲੈਂਸਾਂ'' ਵਾਲੇ ਨਹੀਂ ਕਰ ਸਕਣਗੇ ਮਨਮਾਨੀ, ਚੁੱਕਿਆ ਗਿਆ ਵੱਡਾ ਕਦਮ

ਚੰਡੀਗੜ੍ਹ : ਸੂਬੇ 'ਚ ਹੁਣ ਪ੍ਰਾਈਵੇਟ ਐਂਬੂਲੈਂਸਾਂ ਵਾਲਿਆਂ ਦੀ ਮਨਮਾਨੀ ਨਹੀਂ ਚੱਲੇਗੀ ਅਤੇ ਉਹ ਆਪਣੇ ਮਰਜ਼ੀ ਨਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਪੈਸੇ ਵਸੂਲ ਨਹੀਂ ਕਰ ਸਕਣਗੇ ਕਿਉਂਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਵੱਡਾ ਕਦਮ ਚੁੱਕਦੇ ਹੋਏ ਆਪਣੀ ਸਰਕਾਰੀ108 ਐਂਬੂਲੈਂਸ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਤੱਕ 108 ਐਂਬੂਲੈਂਸ ਆਪਣੇ-ਆਪਣੇ ਜ਼ਿਲੇ 'ਚ 20 ਕਿਲੋਮੀਟਰ ਤੱਕ ਦਾ ਦਾਇਰਾ ਕਵਰ ਕਰਦੀ ਰਹੀ ਹੈ ਪਰ ਹੁਣ ਇਹ ਆਪਣੇ ਸਟੇਸ਼ਨ ਤੋਂ 200 ਕਿਲੋਮੀਟਰ ਤੱਕ ਜਾ ਸਕੇਗੀ।

ਇਸ ਬਾਰੇ ਆਖਰੀ ਫੈਸਲਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ 'ਚ ਜਲਦੀ ਹੋਣ ਵਾਲੀ ਬੈਠਕ 'ਚ ਕੀਤਾ ਜਾਵੇਗਾ। ਇਸ ਸਮੇਂ ਸੂਬੇ ਭਰ 'ਚ 108 ਐਂਬੂਲੈਂਸਾਂ ਸਾਰੇ 22 ਜ਼ਿਲਿਆਂ 'ਚ ਸੇਵਾਵਾਂ ਦੇ ਰਹੀਆਂ ਹਨ। ਸੂਬੇ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਵੱਖ-ਵੱਖ ਜ਼ਿਲਿਆਂ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਜਮ੍ਹਾਂ ਰਹਿੰਦੇ ਹਨ।

ਜਿਵੇਂ ਹੀ ਕਿਸੇ ਮਰੀਜ਼ ਨੂੰ ਸੂਬੇ ਦੇ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਲਈ ਰੈਫਰ ਜਾਂ ਫਿਰ ਚੰਡੀਗੜ੍ਹ ਸਥਿਤ ਪੀ. ਜੀ. ਆਈ. ਵਰਗੇ ਵੱਡੇ ਹਸਪਤਾਲ 'ਚ ਲਿਜਾਣਾ ਪੈਂਦਾ ਹੈ ਤਾਂ ਇਹ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਮਨਮਰਜ਼ੀ ਨਾਲ ਕਿਰਾਇਆ ਮੰਗਦੇ ਹਨ। ਮਰੀਜ਼ ਨੂੰ ਤੁਰੰਤ ਸਿਹਤ ਸੇਵਾ ਲਾਭ ਲਈ ਰਿਸ਼ਤੇਦਾਰਾਂ ਨੂੰ ਇਹ ਪੈਸੇ ਦੇਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੇ ਇਸ ਮਨਮਰਜ਼ੀ ਨੂੰ ਤੋੜਦੇ ਹੋਏ 108 ਐਂਬੂਲੈਂਸ ਨੂੰ 200 ਕਿਲੋਮੀਟਰ ਤੋਂ ਜ਼ਿਆਦਾ ਦੂਰਾ ਤੱਕ ਭੇਜਣ ਦਾ ਫੈਸਲਾ ਲਿਆ ਹੈ।
 


author

Babita

Content Editor

Related News