ਵਰਿਆਣਾ ਵਿਖੇ 108 ਐਂਬੂਲੈਂਸ ਨੂੰ ਕਾਂਗਰਸ ਸਰਕਾਰ ਵਲੋਂ ''ਜ਼ੈੱਡ ਸਕਿਓਰਿਟੀ''
Friday, Dec 27, 2019 - 09:17 PM (IST)
ਜਲੰਧਰ, (ਵਰਿਆਣਾ)— ਇਕ ਪਾਸੇ ਜਿੱਥੇ ਕਾਂਗਰਸ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਦਾਅਵੇ ਕਰ ਰਹੀ ਹੈ, ਉਥੇ ਦੂਜੇ ਪਾਸੇ ਪਿੰਡ ਵਰਿਆਣਾ ਵਿਖੇ ਇਲਾਕੇ ਦੀ ਸਹੂਲਤ ਲਈ ਸਰਕਾਰ ਵਲੋਂ ਮੁਹੱਈਆ ਕਰਵਾਈ ਐਂਬੂਲੈਂਸ ਨੂੰ ਬੇਸਹਾਰਾ ਪਸ਼ੂ ਆਏ ਦਿਨ ਇਸ ਤਰ੍ਹਾਂ ਘੇਰੀ ਰੱਖਦੇ ਹਨ ਜਿਵੇਂ ਉਕਤ ਗੱਡੀ ਨੂੰ ਕਾਂਗਰਸ ਸਰਕਾਰ ਨੇ ਰਾਖੀ ਲਈ ਜ਼ੈੱਡ ਸਕਿਓਰਿਟੀ ਮੁਹੱਈਆ ਕੀਤੀ ਹੋਵੇ। ਇਹ ਬੇਸਹਾਰਾ ਪਸ਼ੂ ਲੋਕਾਂ ਲਈ ਜਾਨ ਦਾ ਖੌਅ ਬਣਦੇ ਦਿਖਾਈ ਦੇ ਰਹੇ ਹਨ। ਅੱਜ ਪਿੰਡ ਵਰਿਆਣਾ ਸਥਿਤ ਹੈਲਥ ਸੈਂਟਰ ਦੇ ਬਾਹਰ ਖੜ੍ਹੀ ਐਂਬੂਲੈਂਸ ਦੇ ਅੱਗੇ ਖੜ੍ਹੇ ਬੇਸਹਾਰਾ ਪਸ਼ੂਆਂ ਨੂੰ ਦੇਖ ਕੇ ਹਰ ਕੋਈ ਇਹੀ ਕਹਿੰਦਾ ਹੈ ਕਿ ਮਰੀਜ਼ਾਂ ਦੀ ਸਹੂਲਤ ਲਈ ਖੜ੍ਹੀ ਉਕਤ ਗੱਡੀ ਨੂੰ ਕਾਂਗਰਸ ਸਰਕਾਰ ਨੇ ਜ਼ੈੱਡ ਸਕਿਓਰਿਟੀ ਦਿੱਤੀ ਹੋਈ ਹੈ। ਇਸੇ ਕਰ ਕੇ ਸ਼ਾਇਦ ਸਰਕਾਰ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਰੋਕਥਾਮ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਇਹ ਪਸ਼ੂ ਆਏ ਦਿਨ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ, ਕਈ ਤਾਂ ਇਨ੍ਹਾਂ ਕਾਰਣ ਵਾਪਰੇ ਹਾਦਸਿਆਂ 'ਚ ਆਪਣੀ ਜਾਨ ਵੀ ਗੁਆ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਕਤ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਉਚਿਤ ਜਗ੍ਹਾ 'ਤੇ ਲਿਜਾ ਕੇ ਛੱਡਣ ਤਾਂ ਜੋ ਲੋਕ ਇਨ੍ਹਾਂ ਕਾਰਣ ਆਪਣੇ ਆਪ ਨੂੰ ਜਾਨ ਮਾਲ ਤੋਂ ਸੁਰੱਖਿਅਤ ਮਹਿਸੂਸ ਕਰਨ।