ਲੋਕਾਂ ਦੀ ਸੇਵਾ ਕਰਨ ਵਾਲੀ 108 ਐਂਬੂਲੈਂਸ ਖੁਦ ਸਰਵਿਸ ਨੂੰ ਤਰਸੀ

Wednesday, May 23, 2018 - 07:03 AM (IST)

ਜਲੰਧਰ, (ਸ਼ੋਰੀ)- 108 ਐਂਬੂਲੈਂਸਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਫ੍ਰੀ ਵਿਚ ਲੈ ਕੇ ਆਉਂਦੀਆਂ ਹਨ। ਭਾਵੇਂ ਇਹ ਕੇਂਦਰ ਸਰਕਾਰ ਦੀ ਸਕੀਮ ਸੀ ਕਿ ਲੋੜਵੰਦ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਮਿਲ ਸਕੇ ਪਰ ਸ਼ੁਰੂ ਤੋਂ ਹੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਦਰਮਿਆਨ ਕ੍ਰੈਡਿਟ ਵਾਰ ਨੂੰ ਲੈ ਕੇ 108 ਐਂਬੂਲੈਂਸ ਲਈ ਕਾਂਗਰਸੀਆਂ ਨੇ ਧਰਨਾ-ਪ੍ਰਦਰਸ਼ਨ ਅਤੇ ਆਪਣੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ ਸਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਨ 2011 ਵਿਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ। ਉਸ ਦੌਰਾਨ ਪੰਜਾਬ ਵਿਚ 108 ਐਂਬੂਲੈਂਸ ਦਾ ਦੌਰ ਸ਼ੁਰੂ ਹੋਇਆ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਫੋਟੋ ਹਰ ਐਂਬੂਲੈਂਸ 'ਤੇ ਚਿਪਕਾ ਦਿੱਤੀ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਵਿਚ ਉਨ੍ਹਾਂ ਦੀ ਪਬਲੀਸਿਟੀ ਤੱਕ ਹੋਈ। 
ਅਕਾਲੀ ਦਲ ਸਾਬਿਤ ਕਰਨਾ ਚਾਹੁੰਦਾ ਸੀ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ 108 ਐਂਬੂਲੈਂਸ ਸ਼ੁਰੂ ਹੋਈ, ਉਥੇ ਕਾਂਗਰਸੀਆਂ ਦਾ ਕਹਿਣਾ ਸੀ ਕਿ 108 ਐਂਬੂਲੈਂਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਦੇਣ ਹੈ। ਇਨ੍ਹੀਂ ਦਿਨੀਂ ਇਨ੍ਹਾਂ ਐਂਬੂਲੈਂਸਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਉਨ੍ਹਾਂ ਦੀ ਕੋਈ ਫਰਿਆਦ ਸੁਣਨਾ ਨਹੀਂ ਚਾਹੁੰਦਾ। ਐਂਬੂਲੈਂਸ ਦੇ ਈ. ਐੱਮ. ਟੀ. ਅਤੇ ਡਰਾਈਵਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗ ਬਾਣੀ ਨਾਲ ਖਾਸ ਗੱਲਬਾਤ ਦੌਰਾਨ 108 ਐਂਬੂਲੈਂਸ ਦੇ ਕਈ ਈ. ਐੱਮ. ਟੀ. ਤੋਂ ਲੈ ਕੇ ਡਰਾਈਵਰਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਦਾ ਨਾਂ ਨਾ ਉਜਾਗਰ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ। 
PunjabKesari
ਸਮੇਂ 'ਤੇ ਸਰਵਿਸ ਨਹੀਂ ਹੁੰਦੀ : 108 ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਵੈਸੇ ਤਾਂ ਨਿਯਮ ਮੁਤਾਬਕ 10 ਹਜ਼ਾਰ ਕਿਲੋਮੀਟਰ ਚੱਲਣ ਤੋਂ ਬਾਅਦ ਐਂਬੂਲੈਂਸ ਗੱਡੀ ਦੀ ਸਰਵਿਸ ਹੋਣੀ ਚਾਹੀਦੀ ਹੈ ਪਰ ਹੁਣ 40 ਹਜ਼ਾਰ ਕਿਲੋਮੀਟਰ ਚੱਲਣ ਤੋਂ ਬਾਅਦ ਗੱਡੀਆਂ ਦੀ ਸਰਵਿਸ ਕੰਪਨੀ ਕਰਵਾ ਰਹੀ ਹੈ। ਵਾਰ-ਵਾਰ ਕਹੇ ਜਾਣ 'ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਹੀ ਪਤਾ ਹੈ ਕਿ ਉਹ ਕਿਸ ਤਰ੍ਹਾਂ ਮਰੀਜ਼ ਨੂੰ ਲੈਣ ਜਾਂਦੇ ਹਨ ਅਤੇ ਗੱਡੀ ਰਸਤੇ ਵਿਚ ਕਈ ਵਾਰ ਖਰਾਬ ਤੱਕ ਹੋ ਜਾਂਦੀ ਹੈ। 
ਖਸਤਾਹਾਲ ਹੋ ਚੁੱਕੀਆਂ ਹਨ ਜ਼ਿਆਦਾਤਰ ਐਂਬੂਲੈਂਸਾਂ : ਵੈਸੇ ਤਾਂ ਸੜਕਾਂ 'ਤੇ ਦੌੜਨ ਵਾਲੇ ਵਾਹਨ ਜੇਕਰ ਨਿਰਧਾਰਿਤ ਕਿਲੋਮੀਟਰ ਤੋਂ ਜ਼ਿਆਦਾ ਚੱਲਣ ਤਾਂ ਉਹ ਪਹਿਲਾਂ ਜਿਹੇ ਨਹੀਂ ਰਹਿੰਦੇ। ਉਨ੍ਹਾਂ ਦੀ ਰਫਤਾਰ ਤੇ ਅੰਦਰੂਨੀ ਹਿੱਸਿਆਂ ਵਿਚ ਖਰਾਬੀ ਆ ਜਾਂਦੀ ਹੈ। ਅਜਿਹਾ ਹੀ ਹਾਲ 108 ਐਂਬੂਲੈਂਸ ਦੀਆਂ ਗੱਡੀਆਂ ਦਾ ਹੋ ਚੁੱਕਾ ਹੈ। 5 ਲੱਖ ਤੋਂ ਉਪਰ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀਆਂ ਇਹ ਗੱਡੀਆਂ ਹੁਣ ਜਵਾਬ ਦੇ ਗਈਆਂ ਹਨ। ਇੰਨਾ ਹੀ ਨਹੀਂ, ਐਂਬੂਲੈਂਸਾਂ ਦੇ ਅੰਦਰ ਸਟਰੇਚਰ ਤਕ ਟੁੱਟ ਚੁੱਕੇ ਹਨ। ਅੰਦਰ ਲੱਗੇ ਏ. ਸੀ. ਕਦੋਂ ਦੇ ਖਰਾਬ ਹੋ ਚੁੱਕੇ ਹਨ ਅਤੇ ਪੱਖੇ ਵੀ ਉਤਰ ਚੁੱਕੇ ਹਨ। ਗਰਮੀ ਤੇ ਬੀਮਾਰੀ ਦੀ ਹਾਲਤ ਵਿਚ ਮਰੀਜ਼ ਕਿਵੇਂ ਸਫਰ ਕਰ ਸਕਦਾ ਹੈ। ਹਾਲ ਤਾਂ ਇਹ ਹੈ ਕਿ ਸਿਹਤਮੰਦ ਆਦਮੀ ਵੀ ਐਂਬੂਲੈਂਸ ਵਿਚ ਨਹੀਂ ਬੈਠ ਸਕਦਾ ਤਾਂ ਬੀਮਾਰ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ।
PunjabKesari
ਲੋਕਾਂ ਨੂੰ ਸਹੂਲਤ ਦੇਣ ਵਾਲੇ ਖੁਦ ਮੁਸ਼ਕਲ 'ਚ : 108 ਐਂਬੂਲੈਂਸ ਦੀ ਗੱਡੀ ਵਿਚ ਡਰਾਈਵਰ ਤੇ ਈ. ਐੱਮ. ਟੀ. ਬੀਮਾਰ ਲੋਕਾਂ ਨੂੰ ਸਹੂਲਤ ਦਿੰਦਿਆਂ ਉਨ੍ਹਾਂ ਨੂੰ ਘਰਾਂ ਵਿਚੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਦੇ ਸਟਾਫ ਨੂੰ ਤਨਖਾਹ ਸਮੇਂ 'ਤੇ ਨਹੀਂ ਮਿਲ ਰਹੀ। ਇਸ ਸਬੰਧੀ ਹੁਣੇ ਜਿਹੇ ਸਟਾਫ ਨੇ ਪ੍ਰਦਰਸ਼ਨ ਤੱਕ ਕੀਤਾ ਸੀ। ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਨਖਾਹ 9800 ਫੰਡ ਕੱਟ ਕੇ ਅਤੇ ਡਰਾਈਵਰਾਂ ਨੂੰ 9 ਹਜ਼ਾਰ ਫੰਡ ਕੱਟ ਕੇ ਮਿਲਦੀ ਹੈ। ਤਨਖਾਹ ਵਿਚ ਕੋਈ ਵਾਧਾ ਨਹੀਂ ਹੋਇਆ। ਐਂਬੂਲੈਂਸ ਚਲਾਉਣ ਵਾਲੇ ਕੰਪਨੀ ਦੇ ਖਿਲਾਫ ਬੋਲਣ ਤਾਂ ਕੰਪਨੀ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੰਦੀ ਹੈ। 
ਕੁਝ ਮਹੀਨੇ ਪਹਿਲਾਂ ਹੀ ਭਾਰੀ ਮਾਤਰਾ ਵਿਚ ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਕੰਪਨੀ ਦੇ ਖਿਲਾਫ ਬਗਾਵਤ ਕੀਤੀ ਸੀ।


Related News