108 ਐਂਬੂਲੈਂਸ ਦੇ ਮੁਲਾਜ਼ਮਾਂ ਵੱਲੋਂ ਕੰਪਨੀ ਖਿਲਾਫ ਰੋਸ ਮੁਜ਼ਾਹਰਾ
Tuesday, Apr 17, 2018 - 03:28 AM (IST)
ਅੰਮ੍ਰਿਤਸਰ, (ਦਲਜੀਤ)- ਇੰਪਲਾਈਜ਼ ਐਸੋਸੀਏਸ਼ਨ 108 ਪੰਜਾਬ ਵੱਲੋਂ ਜਿਕਤਸ਼ਾ ਹੈਲਥ ਕੇਅਰ ਕੰਪਨੀ ਦੇ ਹੈੱਡ ਆਫਿਸ ਅੰਮ੍ਰਿਤਸਰ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਜੰਮ ਕੇ ਕੰਪਨੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸੈਣੀ ਨੇ ਜ਼ੋਰ ਦੇ ਕੇ ਕਿਹਾ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਬਣਦੇ ਡਿਊਟੀ ਸਮੇਂ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ 8 ਘੰਟੇ ਦੀ ਡਿਊਟੀ ਨਹੀਂ ਕਰਦੀ ਜਾਂ 12 ਘੰਟੇ ਦੀ ਬਣਦੀ ਤਨਖਾਹ ਨਹੀਂ ਦਿੰਦੀ ਤਾਂ 1 ਜੂਨ ਤੋਂ ਐਸੋਸੀਏਸ਼ਨ ਵੱਲੋਂ ਆਪਣੇ ਪੱਧਰ 'ਤੇ 8 ਘੰਟੇ ਡਿਊਟੀ ਕਰ ਦਿੱਤੀ ਜਾਵੇਗੀ, ਜੋ ਕਿ ਸਵੇਰੇ 6 ਤੋਂ 2 ਵਜੇ, 2 ਤੋਂ 10 ਵਜੇ ਤੱਕ ਅਤੇ ਰਾਤ ਦੀ ਸ਼ਿਫਟ ਵਿਚ ਐਂਬੂਲੈਂਸ ਬੰਦ ਰਹੇਗੀ। ਉਨ੍ਹਾਂ ਕਿਹਾ ਕਿ 10 ਮਈ ਤੱਕ ਮੁਲਾਜ਼ਮਾਂ ਦੀ ਤਨਖਾਹ ਨਾ ਦਿੱਤੀ ਗਈ ਤਾਂ 11 ਤਰੀਕ ਤੋਂ ਐਂਬੂਲੈਂਸ 108 ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜਿਕਤਸ਼ਾ ਹੈਲਥ ਕੇਅਰ ਕੰਪਨੀ ਦੀ ਹੋਵੇਗੀ ਅਤੇ ਅੱਗੇ ਇਹ ਕਿਹਾ ਕਿ ਜਿਹੜੇ ਪੁਰਾਣੇ ਮੁਲਾਜ਼ਮ ਜੋ ਸੰਨ 2014 ਤੋਂ ਨੌਕਰੀ ਤੋਂ ਫਾਰਗ ਕੀਤੇ ਹੋਏ ਹਨ। ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਬਹਾਲ ਕੀਤੇ ਜਾਣ। ਇਸ ਰੋਸ ਰੈਲੀ ਵਿਚ ਗੁਰਪ੍ਰੀਤ ਸਿੰਘ (ਜਨਰਲ ਸੈਕਟਰੀ), ਹਰਦੀਪ ਸਿੰਘ (ਪ੍ਰਬੰਧਕੀ ਸਕੱਤਰ), ਗੁਰਤੇਜ ਕੋਟਨਾ (ਸਕੱਤਰ), ਰਾਮ ਸਿੰਘ (ਸਲਾਹਕਾਰ), ਰਵਿੰਦਰ ਸਿੰਘ ਪੰਜਾਬ (ਕੈਸ਼ੀਅਰ), ਸੁਖਪਾਲ ਸਿੰਘ, ਬਲਜਿੰਦਰ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਸਤਗੁਰੂ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਅਤੇ ਸਮੂਹ ਮੁਲਾਜ਼ਮ ਹਾਜ਼ਰ ਸਨ।