ਵਰਦੇਵ ਸਿੰਘ ਨੋਨੀ ਮਾਨ ਦਾ ਖ਼ੁਲਾਸਾ, ਮਨਮੋਹਨ ਸਿੰਘ ਸਰਕਾਰ ਵੇਲੇ ਮਿਲੀ ਸੀ 100 ਕਰੋੜ ਅਤੇ ਟਿਕਟ ਦੀ ਆਫ਼ਰ

Thursday, May 06, 2021 - 06:41 PM (IST)

ਜਲੰਧਰ/ ਗੁਰੂਹਰਸਹਾਏ:  ਸਿਆਸਤ ਵਿੱਚ ਦਲ ਬਦਲੀ ਦੀਆਂ ਉਦਾਹਰਨਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਪਰ ਕੁਝ ਆਗੂ ਅਜਿਹੇ ਵੀ ਹੁੰਦੇ ਹਨ ਜੋ ਔਖੇ-ਸੌਖੇ ਸਮੇਂ ਹਮੇਸ਼ਾ ਆਪਣੀ ਪਾਰਟੀ ਨਾਲ ਖੜ੍ਹਦੇ ਹਨ। ਇਸ ਗੱਲ ਦਾ ਦਾਅਵਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਨੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕੀਤਾ। ਵਰਦੇਵ ਸਿੰਘ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੇਰੇ ਪਿਤਾ ਜੋਰਾ ਸਿੰਘ ਮਾਨ ਨੂੰ ਬਹੁਤ ਵੱਡੀਆਂ-ਵੱਡੀਆਂ ਆਫਰਾਂ ਆਈਆਂ ਸਨ ਕਿ ਉਹ ਆਪਣੀ ਵੋਟ ਕਾਂਗਰਸ ਦੇ ਖਾਤੇ ਪਾਉਣ। ਇਸ ਵੋਟ ਬਦਲੇ 100 ਕਰੋੜ ਦੀ ਆਫ਼ਰ ਤਕ ਵੀ ਆਈ ਸੀ ਪਰ ਪਿਤਾ ਜੀ ਨੇ ਇਹ ਕਹਿੰਦਿਆਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੇਰੀ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਅਮਾਨਤ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਟੈਲੀਫ਼ੋਨ ਕਰਵਾ ਦਿਓ ਜਾਂ ਚਿੱਠੀ ਲਿਆ ਦਿਓ। ਜੇਕਰ ਬਾਦਲ ਸਾਬ੍ਹ ਇਜਾਜ਼ਤ ਦੇਣਗੇ ਤਾਂ ਵੋਟ ਤੁਹਾਡੇ ਖਾਤੇ ਜਾਵੇਗੀ। ਵਰਦੇਵ ਸਿੰਘ ਨੇ ਦੱਸਿਆ ਕਿ ਇਸ ਵੋਟ ਬਦਲੇ ਮੇਰੇ ਪਿਤਾ ਜੀ ਨੂੰ ਟਿਕਟ ਵੀ ਆਫ਼ਰ ਹੋਈ ਸੀ।

ਕੈਪਟਨ ਅਮਰਿੰਦਰ ਸਿੰਘ ਦਾ ਵੀ ਕੀਤਾ ਜ਼ਿਕਰ 
ਗੱਲਬਾਤ ਕਰਦਿਆਂ ਵਰਦੇਵ ਸਿੰਘ ਨੇ ਦੱਸਿਆ ਕਿ ਸਿਆਸਤ ਵਿੱਚ ਗੁੱਸੇ-ਗਿਲੇ ਹੁੰਦੇ ਰਹਿੰਦੇ ਹਨ। ਜਿੱਥੇ ਪਿਆਰ ਹੁੰਦਾ ਹੈ ਸ਼ਿਕਵੇ ਵੀ ਉਥੇ ਹੀ ਹੁੰਦੇ ਹਨ। ਪਿਤਾ ਜੀ ਨੇ ਅਕਾਲੀ ਦਲ ਦੀ ਸਰਗਰਮ ਸਿਆਸਤ ਤੋਂ ਦੂਰੀ ਬਣਾਈ ਹੋਈ ਸੀ ਇਸੇ ਕਰਕੇ ਵਿਰੋਧੀ ਪਾਰਟੀਆਂ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦੀਆਂ ਸਨ।ਉਨ੍ਹਾਂ ਨੇ ਸਾਡੀਆਂ ਵੋਟਾਂ ਖ਼ਰੀਦਣ ਲਈ ਕਈ ਲਾਲਚ ਦਿੱਤੇ, ਇੱਥੋਂ ਤਕ ਕੇ ਟਿਕਟ ਵੀ ਆਫ਼ਰ ਹੋਈ ਸੀ ਪਰ ਪਿਤਾ ਜੀ ਨੇ ਇਨਕਾਰ ਕਰ ਦਿੱਤਾ ਸੀ। ਨੋਨੀ ਮਾਨ ਦੇ ਦੱਸਿਆ ਕਿ ਉਸ ਸਮੇਂ ਕਾਂਗਰਸ ਦੇ ਕਈ ਵੱਡਾ ਆਗੂਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਜਿਨ੍ਹਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ।    

ਇੰਝ ਬਣੀ ਸੀ ਬਾਦਲ ਪਰਿਵਾਰ ਨਾਲ ਨੇੜਤਾ
ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਸੀ। 1982 ’ਚ ਜਦੋਂ ਮੋਰਚਾ ਲੱਗਿਆ ਤਾਂ ਮੇਰੇ ਪਿਤਾ ਜੀ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਪਹਿਲੇ ਜਥੇ ’ਚ ਗ੍ਰਿਫ਼ਤਾਰੀ ਦਿੱਤੀ ਸੀ। ਜਦੋਂ ਪੰਜਾਬ ’ਚ ਕਾਲਾ ਦੌਰ ਸ਼ੁਰੂ ਹੋਇਆ ਤਾਂ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਗਏ ਤਾਂ ਮੇਰੇ ਪਿਤਾ ਜੀ ਵੀ ਉਨ੍ਹਾਂ ਦੇ ਨਾਲ ਹੀ ਜੇਲ੍ਹ ’ਚ ਰਹੇ।  ਉੱਥੋਂ ਹੌਲੀ-ਹੌਲੀ ਬਾਦਲ ਪਰਿਵਾਰ ਨਾਲ ਨੇੜਤਾ ਵੱਧਦੀ ਗਈ। 

ਨੋਟ: ਵਰਦੇਵ ਸਿੰਘ ਵੱਲੋਂ ਕੀਤੇ ਇਸ ਖ਼ੁਲਾਸੇ ਸਬੰਧੀ ਕੀ ਹੈ ਤੁਹਾਡੀ ਰਾਏ? 


Harnek Seechewal

Content Editor

Related News